ਮਹਿਤਾਬ-ਉਦ-ਦੀਨ
ਚੰਡੀਗੜ੍ਹ: ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਅੰਕੁਰ ਸਿੰਘ ਪਾਤਰ ਇੱਕ ਐਵਾਰਡ ਜੇਤੂ ਡਿਜੀਟਲ ਆਰਟਿਸਟ ਹਨ। ਉਨ੍ਹਾਂ ਆਪਣੀ ਸਖ਼ਤ ਮਿਹਨਤ ਨਾਲ ਆਪਣਾ ਮੁਕਾਮ ਬਣਾਇਆ ਹੈ। ਉਨ੍ਹਾਂ ਆਪਣੇ ਡਿਜੀਟਲ ਆਰਟ ਤੇ ਸਕੈੱਚਜ਼ ਨਾਲ ਭਾਰਤ ’ਚ ਹੀ ਨਹੀਂ, ਸਗੋਂ ਹੁਣ ਪੂਰੀ ਦੁਨੀਆ ’ਚ ਨਾਂ ਬਣਾ ਲਿਆ ਹੈ। ਉਨ੍ਹਾਂ ਨੂੰ ਆਸਟ੍ਰੇਲੀਆ ’ਚ ਗਲੋਬਲ ਬ੍ਰਾਂਡ ਦੇ ਕੌਂਟ੍ਰੈਕਟ ਮਿਲ ਰਹੇ ਹਨ।
ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਤੇ ਮਹਾਨ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਦੇ ਪੁੱਤਰ ਅੰਕੁਰ ਸਿੰਘ ਪਾਤਰ ਆਪਣੇ ਆਧੁਨਿਕ ਹੁਨਰ ਤੇ ਵਿਰਾਸਤ ’ਚ ਮਿਲੀ ਕਲਾਕਾਰੀ ਦੀ ਵਰਤੋਂ ਕਰਦਿਆਂ ਆਪਣੀਆਂ ਪ੍ਰਾਪਤੀਆਂ ਦਾ ਖ਼ਜ਼ਾਨਾ ਭਰਪੂਰ ਕਰਦੇ ਆ ਰਹੇ ਹਨ।
ਅੰਕੁਰ ਸਿੰਘ ਪਾਤਰ ਦਾ ਨਾਂ ਪਿੱਛੇ ਜਿਹੇ ਉਦੋਂ ਪੂਰੀ ਦੁਨੀਆ ’ਚ ਚਮਕਣ ਲੱਗਾ ਸੀ, ਜਦੋਂ ਡੱਚ ਚਿੱਤਰਕਾਰ ਰੈਂਬ੍ਰੈਂਟ ਦੀ ਇੱਕ ਗੁਆਚੀ ਪੇਂਟਿੰਗ ਨੂੰ ਉਨ੍ਹਾਂ ਡਿਜੀਟਲ ਤੌਰ ’ਤੇ ਮੁੜ ਸੁਰਜੀਤ ਕੀਤਾ ਸੀ ਤੇ ਇਹ ਪ੍ਰੋਜੈਕਟ ਉਨ੍ਹਾਂ ਨੂੰ ਦੁਨੀਆ ਦੀ ਪ੍ਰਸਿੱਧ ਕੰਪਨੀ ਐਡੋਬੀ (ADOBE) ਤੋਂ ਮਿਲਿਆ ਸੀ। ਇਹ ਚਿੱਤਰ ਰੈਂਬ੍ਰੈਂਟ ਨੇ 1633 ’ਚ ਉੱਤਰ-ਪੂਰਬੀ ਇਜ਼ਰਾਇਲ ’ਚ ਸਥਿਤ ਗਲੀਲ ਦੇ ਸਮੁੰਦਰ ਵਿੱਚ ਆਏ ਤੂਫ਼ਾਨ ਦਾ ਬਣਾਇਆ ਸੀ, ਜਿਸ ਵਿੱਚ ਜੀਸਸ (ਯਿਸੂ ਮਸੀਹ) ਤੂਫ਼ਾਨ ਨੂੰ ਆਪਣੇ 12 ਚੇਲਿਆਂ ਦੇ ਸਾਹਮਣੇ ਸ਼ਾਂਤ ਹੋਣ ਲਈ ਆਖ ਰਹੇ ਹਨ। ਰੈਂਬ੍ਰੈਂਟ ਦਾ ਇਹ ਦੁਰਲੱਭ ਚਿੱਤਰ ਕੁਝ ਦਹਾਕੇ ਪਹਿਲਾ ਅਮਰੀਕਾ ਦੇ ਇੱਕ ਅਜਾਇਬਘਰ ’ਚੋਂ ਚੋਰੀ ਹੋ ਗਿਆ ਸੀ। ਰੈਂਬ੍ਰੈਂਟ ਦੀ ਸਮੁੰਦਰ ਬਾਰੇ ਹੋਰ ਕੋਈ ਪੇਂਟਿੰਗ ਨਹੀਂ ਹੈ; ਇਸ ਲਈ ਇਸ ਖੇਤਰ ਦੇ ਜਾਣਕਾਰ ਇਸ ਨੂੰ ਬਹੁਤ ਸ਼ਿੱਦਤ ਨਾਲ ਲੱਭ ਰਹੇ ਸਨ।
ਪਿਛਲੇ 14 ਸਾਲਾਂ ਦੌਰਾਨ ਅੰਕੁਰ ਸਿੰਘ ਪਾਤਰ ਨੇ ਐਡੋਬੀ ਤੋਂ ਇਲਾਵਾ ਟੋਯੋਟਾ, ਲੇਨੋਵੋ, ਰੀਓ ਟਿੰਟੋ, ਨਾਈਕ ਤੇ ਐਡੀਡਾਸ ਜਿਹੀਆਂ ਅੰਤਰਰਾਸ਼ਟਰੀ ਤੇ ਬਹੁ-ਰਾਸ਼ਟਰੀ ਕੰਪਨੀਆਂ ਲਈ ਸ਼ਾਨਦਾਰ ਕੰਮ ਕੀਤੇ ਹਨ। ਉਨ੍ਹਾਂ ਅਜਿਹੇ ਡਿਜੀਟਲ ਬ੍ਰੱਸ਼ਸਟ੍ਰੋਕਸ ਚਲਾਉਣ ਦੇ ਨਾਲ-ਨਾਲ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਦੇ ਪੋਸਟਰ ਵੀ ਬਣਾਏ ਹਨ।
ਬੀਤੇ ਦਿਨੀਂ ਆਸਟ੍ਰੇਲੀਆ ਦੇ ‘ਐੱਸਬੀਐੱਸ ਪੰਜਾਬੀ’ ਦੇ ਸੁਮੀਤ ਕੌਰ ਨਾਲ ਗੱਲਬਾਤ ਦੌਰਾਨ ਅੰਕੁਰ ਸਿੰਘ ਪਾਤਰ ਨੇ ਦੱਸਿਆ ਕਿ ਡਿਜੀਟਲ ਕਲਾ ਆਧੁਨਿਕ ਕਲਾ ਦੀਆ ਕਿਸਮਾਂ ਵਿੱਚੋਂ ਇੱਕ ਹੈ ਤੇ ਇਸ ਵੇਲੇ ਇਹ ਚੜ੍ਹਤ ’ਚ ਹੈ। ਉਨ੍ਹਾਂ ਦੱਸਿਆ ਕਿ ਉਹ ਇੱਕ ਤਸਵੀਰ ਦੇ ਡਿਜੀਟਲ ਐਲੀਮੈਂਟਸ ’ਤੇ ਕੰਮ ਰਦੇ ਹਨ ਤੇ ਫਿਰ ਉਸ ਨੂੰ ਤਸਵੀਰ ’ਚ ਬਦਲਦੇ ਹਨ। ਉਹ ਚਿੱਤਰ ਨੂੰ ਇੱਕ ਤਰ੍ਹਾਂ ਮੁੜ ਸਿਰਜਦੇ (ਰੀ-ਟੱਚ) ਹਨ।
ਐਡੋਬੀ ਨੇ ਰੈਂਬ੍ਰੈਂਟ ਦੇ ਅਤੇ ਹੋਰ ਗੁਆਚ ਚੁੱਕੇ ਚਿੱਤਰਾਂ ਨੂੰ ਮੁੜ-ਸਿਰਜਣ ਲਈ ਪੂਰੀ ਦੁਨੀਆ ’ਚੋਂ ਸਿਰਫ਼ ਚਾਰ ਡਿਜੀਟਲ ਆਰਟਿਸਟਸ ਦੀ ਚੋਣ ਕੀਤੀ ਸੀ, ਉਨ੍ਹਾਂ ਵਿੱਚੋਂ ਅੰਕੁਰ ਸਿੰਘ ਪਾਤਰ ਵੀ ਇੱਕ ਸਨ। ਰੈਂਬ੍ਰੈਂਟ ਦਾ ਚਿੱਤਰ ਚੋਰੀ ਹੋ ਚੁੱਕਿਆ ਹੈ ਪਰ ਅੰਕੁਰ ਸਿੰਘ ਪਾਤਰ ਹੁਰਾਂ ਨੇ ਉਸ ਦੀ ਬਿਲਕੁਲ ਹੂ-ਬ-ਹੂ ਕਾਪੀ ਬਣਾ ਦਿੱਤੀ ਹੈ; ਜਿਸ ਦੀ ਪੂਰੀ ਦੁਨੀਆ ਵਿੱਚ ਸ਼ਲਾਘਾ ਹੋਈ ਹੈ।
ਅੰਕੁਰ ਸਿੰਘ ਪਾਤਰ ਨੂੰ 2017 ’ਚ ‘ਕਾਨ ਸਿਲਵਰ ਲਾਇਨ’ ਸਮੇਤ ਹੋਰ ਬਹੁਤ ਸਾਰੇ ਐਵਾਰਡ ਮਿਲ ਚੁੱਕੇ ਹਨ। ਉਲ੍ਹਾਂ 2003 ’ਚ ਆਪਣੀ ਕਲਾਕਾਰੀ ਦੇ ਜੌਹਰ ਵਿਖਾਉਣੇ ਸ਼ੁਰੂ ਕੀਤੇ ਸਨ ਤੇ ਉਹ 2007 ’ਚ ਇੱਕ ਪ੍ਰੋਫ਼ੈਸ਼ਨਲ ਡਿਜੀਟਲ ਆਰਟਿਸਟ ਬਣ ਚੁੱਕੇ ਸਨ। ਉਸ ਵੇਲੇ ਭਾਰਤ ’ਚ ਸਿਰਫ਼ ਚਾਰ ਡਿਜੀਟਲ ਆਰਟਿਸਟ ਹੁੰਦੇ ਸਨ। ਹੁਣ ਤਾਂ ਇਸ ਗਿਣਤੀ ’ਚ ਕਾਫ਼ੀ ਵਾਧਾ ਹੋ ਚੁੱਕਾ ਹੈ।
ਅੰਕੁਰ ਸਿੰਘ ਪਾਤਰ ਦੱਸਦੇ ਹਨ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਆਪਣੇ ਘਰ ਪਰਿਵਾਰ ਵਿੱਚ ਕਲਾਕਾਰੀ ਵਾਲਾ ਹੀ ਮਾਹੌਲ ਮਿਲਦਾ ਰਿਹਾ ਤੇ ਉਸੇ ਲਈ ਉਨ੍ਹਾਂ ਦੀ ਅੱਖ ਚੰਗੀ ਕਲਾ ਨੂੰ ਪਛਾਣਨ ਜੋਗੀ ਹੋ ਸਕੀ। ਆਪਣੀ ਮਾਂ ਬੋਲੀ ਪੰਜਾਬੀ ਨੂੰ ਉਹ ਬਹੁਤ ਪਿਆਰ ਕਰਦੇ ਹਨ; ਇਸੇ ਲਈ ਉਹ ‘ਭਲਵਾਨ ਸਿੰਘ’ ਜਿਹੀਆਂ ਪੰਜਾਬੀ ਫ਼ਿਲਮਾਂ ਦੇ ਪੋਸਟਰ ਵੀ ਬਣਾ ਚੁੱਕੇ ਹਨ।