ਇਸਲਾਮਾਬਾਦ: ਬਾਲਾਕੋਟ ਵਿੱਚ ਭਾਰਤੀ ਹਵਾਈ ਫੌਜ ਦੀ ਏਅਰਸਟ੍ਰਾਈਕ ਦੇ 75 ਦਿਨਾਂ ਬਾਅਦ ਵੀ ਪਾਕਿਸਤਾਨ ਨੂੰ ਆਪਣੇ ਫਰੰਟ ਲਾਈਨ ਫਾਈਟਰ ਜੈਟ F16 ਦੀ ਸੁਰੱਖਿਆ ਦੀ ਫਿਕਰ ਸਤਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਹਵਾਈ ਫੌਜ ਨੇ ਆਪਣੇ ਤਿੰਨ ਹੋਮ ਏਅਰਬੇਸ ਤੋਂ F16 ਜਹਾਜ਼ਾਂ ਹਟਾ ਦਿੱਤੇ ਹਨ ਤੇ ਉਨ੍ਹਾਂ ਨੂੰ ਵੱਖ-ਵੱਖ ਥਾਈਂ ਤਾਇਨਾਤ ਕਰ ਦਿੱਤਾ ਗਿਆ ਹੈ।


ਜਾਣਕਾਰੀ ਮੁਤਾਬਕ ਸਰਗੋਧਾ, ਪੰਜਾਬ ਤੇ ਸਿੰਧ ਏਅਰਬੇਸ ਤੋਂ F16 ਨੂੰ ਹਟਾ ਦਿੱਤਾ ਗਿਆ ਹੈ। ਇਨ੍ਹਾਂ ਨੂੰ ਦੇਸ਼ ਦੇ ਅੰਦਰੂਨੀ ਏਅਰਬੇਸ 'ਤੇ ਤਾਇਨਾਤ ਕੀਤਾ ਗਿਆ ਹੈ। F16 ਨੂੰ ਵੱਖ-ਵੱਖ ਥਾਈਂ ਰੱਖਿਆ ਗਿਆ ਹੈ। ਪਾਕਿਸਤਾਨ ਦੀ ਯੋਜਨਾ ਹੈ ਕਿ ਕਿਸੇ ਤਰ੍ਹਾਂ ਦੇ ਹਮਲੇ ਦੀ ਸਥਿਤੀ ਵਿੱਚ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ।

ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਹਵਾਈ ਫੌਜ ਨੂੰ ਖਦਸ਼ਾ ਹੈ ਕਿ ਜੇ ਭਾਰਤ ਨੇ ਹਮਲਾ ਕੀਤਾ ਤਾਂ ਉਨ੍ਹਾਂ ਨੂੰ ਇੱਕ ਵਾਰ ਵਿੱਚ ਹੀ ਵੱਡਾ ਨੁਕਸਾਨ ਹੋ ਸਕਦਾ ਹੈ। ਅਜਿਹੇ ਵਿੱਚ ਨੁਕਸਾਨ ਘੱਟ ਕਰਨ ਲਈ F16 ਜਹਾਜ਼ਾਂ ਨੂੰ ਫਾਰਵਰਡ ਏਅਰਬੇਸਿਜ਼ ਤੋਂ ਹਟਾ ਦਿੱਤਾ ਗਿਆ ਹੈ।

ਬਾਲਾਕੋਟ ਸਟ੍ਰਾਈਕ ਤੇ ਇਸ ਦੇ ਬਾਅਦ ਜਵਾਬੀ ਕਾਰਵਾਈ ਵਿੱਚ ਭਾਰਤ ਤੋਂ ਸ਼ਿਕਸਤ ਖਾਣ ਮਗਰੋਂ ਇੰਟਰਨੈਸ਼ਨਲ ਬਾਰਡਰ ਤੇ ਲਾਈਨ ਆਫ ਕੰਟਰੋਲ ਨੇੜੇ ਪਾਕਿ ਹਵਾਈ ਫੌਜ ਹਰ ਵੇਲੇ ਸਚੇਤ ਰਹਿ ਕੇ ਨਿਗਰਾਨੀ ਵਿੱਚ ਜੁਟੀ ਹੋਈ ਹੈ। ਥਲ ਸੈਨਾ ਨੇ ਵੀ ਜੰਮੂ ਇਲਾਕੇ ਨੇੜੇ ਸਿਆਲਕੋਟ ਵਿੱਚ ਟੈਂਕਾਂ ਤੇ ਆਰਮਡ ਰੇਜੀਮੈਂਟ ਦੀ ਤਾਇਨਾਤੀ ਕੀਤੀ ਹੋਈ ਹੈ। ਹਾਲਾਂਕਿ ਭਾਰਤੀ ਫੌਜ ਵੀ ਲਗਾਤਾਰ ਉਨ੍ਹਾਂ ਦੀ ਹਰ ਕਾਰਵਾਈ 'ਤੇ ਬਾਜ਼ ਨਜ਼ਰ ਰੱਖ ਰਹੀ ਹੈ।