ਲੰਦਨ: ਤੁਸੀਂ ਕਈ ਤਰੀਕਿਆਂ ਨਾਲ ਬੈਂਕ ਲੁੱਟ ਦੀਆਂ ਘਟਨਾਵਾਂ ਤਾਂ ਬੇਸ਼ੱਕ ਸੁਣੀਆਂ ਹੀ ਹੋਣਗੀਆਂ, ਪਰ ਕੇਲੇ ਨਾਲ ਬੈਂਕ ਲੁੱਟਣ ਦੀ ਕੋਸ਼ਿਸ਼ ਦਾ ਇਹ ਵੱਖਰਾ ਮਾਮਲਾ ਹੈ। ਬ੍ਰਿਟੇਨ ਦੇ ਡੋਰਸੈਟ ‘ਚ 50 ਸਾਲਾ ਲਾਰੇਂਸ ਵਾਨਡੇਰੇਲ ਨੇ ਕੁਝ ਅਜਿਹਾ ਹੀ ਕੀਤਾ ਹੈ। ਕੇਲੇ ‘ਤੇ ਕੁਝ ਵੱਖਰੀ ਚੀਜ਼ ਲਪੇਟ ਉਸ ਨੂੰ ਬੰਦੂਕ ਦਾ ਰੰਗ-ਰੂਪ ਦਿੱਤਾ ਗਿਆ। ਇਸ ਨਾਲ ਬਾਰਕਲੇਜ ਬੈਂਕ ਦੇ ਸਟਾਫ ਨੂੰ ਧਮਕਾ ਕੈਸ਼ ਲੈ ਲਿਆ ਗਿਆ।


ਇਸ ਤੋਂ ਬਾਅਦ ਵਾਨਡੇਰੇਲ ਕੋਲ ਦੇ ਪੁਲਿਸ ਸਟੇਸ਼ਨ ਪਹੁੰਚ ਗਿਆ ਜਿੱਥੇ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਕੇਲੇ ਦੇ ਦਮ ‘ਤੇ ਹੀ ਬੈਂਕ ਲੁੱਟ ਲਿਆ। ਸਾਰਾ ਕਿੱਸਾ ਸੁਣ ਕੇ ਪੁਲਿਸ ਵੀ ਹੈਰਾਨ ਹੋ ਗਈ। ਮੌਕੇ ‘ਤੇ ਜਾਂਚ ਕਰਨ ‘ਤੇ ਸਾਰੀਆਂ ਗੱਲਾਂ ਸੱਚ ਸਾਬਤ ਹੋਈਆਂ।

ਪੁਲਿਸ ਵੱਲੋਂ ਪੁੱਛਗਿੱਛ ‘ਚ ਉਸ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਹੀ ਬੈਂਕ ਪ੍ਰਬੰਧਨ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਇਸ ਕਰਕੇ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਉਸ ਨੇ ਇਹ ਕਦਮ ਚੁੱਕਿਆ। ਇਸ ਮਾਮਲੇ ‘ਚ ਕੋਰਟ ਨੇ ਵਾਨਡੇਰੇਲ ਨੂੰ 14 ਮਹੀਨੇ ਦੀ ਸਜ਼ਾ ਸੁਣਾਈ ਹੈ।