Bangladesh Government Crisis : ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੀਆਂ ਤਾਲਿਬਾਨੀ ਕਾਰਵਾਈਆਂ ਸਾਹਮਣੇ ਆਈਆਂ ਹਨ। ਇੱਥੇ ਜੇਸੋਰ 'ਚ ਸੋਮਵਾਰ ਨੂੰ ਇਕ ਹੋਟਲ ਵਿੱਚ ਅੱਗ ਲਾ ਦਿੱਤੀ ਗਈ, ਜਿਸ 'ਚ ਘੱਟੋ-ਘੱਟ 8 ਲੋਕ ਸੜ ਗਏ ਅਤੇ 84 ਲੋਕ ਜ਼ਖਮੀ ਹੋ ਗਏ। ਹੋਟਲ ਦਾ ਮਾਲਕ ਸ਼ਾਹੀਨ ਚਕਲਾਦਾਰ ਸੀ, ਜੋ ਜੇਸੋਰ ਜ਼ਿਲ੍ਹੇ ਦੀ ਅਵਾਮੀ ਲੀਗ ਦਾ ਜਨਰਲ ਸਕੱਤਰ ਸੀ।


ਡਿਪਟੀ ਕਮਿਸ਼ਨਰ ਅਬਰਾਰੂਲ ਇਸਲਾਮ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕਾਂ 'ਚੋਂ ਦੋ ਦੀ ਪਛਾਣ 20 ਸਾਲਾ ਚਯਨ ਅਤੇ 19 ਸਾਲਾ ਸੇਜਨ ਹੁਸੈਨ ਵਜੋਂ ਹੋਈ ਹੈ। ਹਸਪਤਾਲ ਦੇ ਕਰਮਚਾਰੀ ਹਾਰੂਨ ਰਸ਼ੀਦ ਨੇ ਦੱਸਿਆ ਕਿ ਘੱਟੋ-ਘੱਟ 84 ਲੋਕ ਉੱਥੇ ਇਲਾਜ ਕਰਾ ਰਹੇ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਵਿਦਿਆਰਥੀ ਹਨ। ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਹਜ਼ਾਰਾਂ ਲੋਕ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦਾ ਜਸ਼ਨ ਮਨਾ ਰਹੇ ਸਨ। ਜਸ਼ਨ ਦੌਰਾਨ ਕੁਝ ਲੋਕਾਂ ਨੇ ਚਿਤਰਮੋਰ ਇਲਾਕੇ ਦੇ ਜਬੀਰ ਹੋਟਲ ਨੂੰ ਅੱਗ ਲਾ ਦਿੱਤੀ ਅਤੇ ਉਸ ਦਾ ਫਰਨੀਚਰ ਤੋੜ ਦਿੱਤਾ। ਇਸ ਦੌਰਾਨ ਬਦਮਾਸ਼ਾਂ ਨੇ ਜ਼ਿਲ੍ਹਾ ਅਵਾਮੀ ਲੀਗ ਦੇ ਦਫਤਰ ਅਤੇ ਸ਼ਰਸ਼ਾ ਅਤੇ ਬੇਨਾਪੋਲ ਖੇਤਰਾਂ 'ਚ ਅਵਾਮੀ ਲੀਗ ਦੇ ਤਿੰਨ ਹੋਰ ਨੇਤਾਵਾਂ ਦੇ ਘਰਾਂ 'ਤੇ ਹਮਲਾ ਕਰ ਦਿੱਤਾ।


ਬੰਗਲਾਦੇਸ਼ 'ਚ ਅੱਗਜ਼ਨੀ ਅਤੇ ਹਿੰਸਾ ਕਰਕੇ ਹੁਣ ਤੱਕ ਘੱਟੋ-ਘੱਟ 300 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਜਿਹਾ ਦਾਅਵਾ ਸੋਮਵਾਰ ਨੂੰ ਸਮਾਚਾਰ ਏਜੰਸੀ ਏਐਫਪੀ ਦੀ ਰਿਪੋਰਟ ਵਿੱਚ ਕੀਤਾ ਗਿਆ। ਹਾਲਾਂਕਿ ਮੌਤਾਂ ਦੇ ਅੰਕੜਿਆਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਕਿ ਮੌਤਾਂ ਦੀ ਗਿਣਤੀ 300 ਹੈ। ਏਐਫਪੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਐਤਵਾਰ ਨੂੰ ਬੰਗਲਾਦੇਸ਼ ਦੀਆਂ ਸੜਕਾਂ ਉੱਤੇ ਹਿੰਸਾ ਹੋਈ। ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 300 ਤੱਕ ਪਹੁੰਚ ਗਈ ਹੈ।


ਅਧਿਕਾਰੀਆਂ ਨੇ ਝੜਪ ਵਿੱਚ 100 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਏਐਫਪੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 300 ਸੀ। ਐਤਵਾਰ ਨੂੰ ਹੋਈ ਭਿਆਨਕ ਝੜਪ 'ਚ 14 ਪੁਲਿਸ ਕਰਮਚਾਰੀਆਂ ਸਮੇਤ 100 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਸਨ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।