ਓਟਾਵਾ: ਕੈਨੇਡਾ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਵੈਨਕੂਵਰ ਪ੍ਰਸ਼ਾਸਨ ਨੇ ਚੀਨੀ ਅਰਬਪਤੀ ਦੀ ਪਤਨੀ 'ਤੇ ਤਕਰੀਬਨ ਡੇਢ ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਜੋੜੇ ਨੂੰ 143 ਕਰੋੜ ਰੁਪਏ ਵਿੱਚ ਖਰੀਦਿਆ ਘਰ ਖਾਲੀ ਛੱਡਣ ਦੀ ਸਜ਼ਾ ਮਿਲੀ ਹੈ।

ਦਰਅਸਲ, ਵੈਨਕੂਵਰ ਪ੍ਰਸ਼ਾਸਨ ਨੇ ਸਾਲ 2018 ਵਿੱਚ ਐਂਪਟੀ ਹੋਮ ਟੈਕਸ (ਰਿਹਾਇਸ਼ ਮੁਕਤ ਮਕਾਨ ਕਰ) ਲਾਗੂ ਕੀਤਾ ਸੀ। ਇਸ ਮੁਤਾਬਕ ਖਾਲੀ ਰੱਖੇ ਗਏ ਘਰਾਂ ਵਿੱਚ ਕੁੱਲ ਕੀਮਤ ਦਾ ਇੱਕ ਫੀਸਦ ਜ਼ੁਰਮਾਨੇ ਵਜੋਂ ਅਦਾ ਕਰਨਾ ਪੈਂਦਾ ਹੈ। ਸਾਲ 2015 ਵਿੱਚ ਯਿਜੂ ਨੇ ਬੈਲਮੋਂਟ ਐਵੇਨਿਊ ਇਲਾਕੇ ਵਿੱਚ ਸਮੁੰਦਰ ਦੇ ਦ੍ਰਿਸ਼ ਵਾਲਾ ਘਰ ਖਰੀਦਿਆ ਸੀ। ਉਸ ਦਾ ਪਤੀ ਜੇਨ ਡਿਆਂਗ ਚੀਨ ਦੀ ਪੀਪਲਜ਼ ਨੈਸ਼ਨਲ ਕਾਂਗਰਸ ਦਾ ਲੀਡਰ ਹੈ।

ਫੋਰਬਜ਼ ਦੀ ਰਿਪੋਰਟ ਮੁਤਾਬਕ ਜੋੜੇ ਦੀ ਕੁੱਲ ਆਮਦਨ 6475 ਕਰੋੜ ਰੁਪਏ ਹੈ। ਯਿਜੂ ਨੇ ਨੋਟਿਸ ਖ਼ਿਲਾਫ਼ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ। ਉਸ ਨੇ ਤਰਕ ਦਿੱਤਾ ਹੈ ਕਿ ਬੇਸ਼ੱਕ ਘਰ ਖਾਲੀ ਹੋਵੇ, ਪਰ ਇਸ ਵਿੱਚ ਪੁਰਨ ਨਿਰਮਾਣ ਭਾਵ ਰੈਨੋਵੇਸ਼ਨ ਦਾ ਕੰਮ ਚੱਲਦਾ ਰਹਿੰਦਾ ਹੈ।