Kuwait building Fire: ਕੁਵੈਤ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਦੱਖਣੀ ਇਲਾਕੇ 'ਚ ਇਕ ਇਮਾਰਤ ਨੂੰ ਲੱਗੀ ਅੱਗ ਨੇ 49 ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਅੱਗ ਵਿੱਚ 42 ਭਾਰਤੀਆਂ ਦੀ ਜਾਨ ਚਲੀ ਗਈ ਸੀ। ਇਸ ਦਰਦਨਾਕ ਹਾਦਸੇ ਵਿੱਚ ਭਾਰਤੀਆਂ ਦੀ ਮੌਤ ਤੋਂ ਬਾਅਦ ਪੂਰਾ ਦੇਸ਼ ਸੋਗ ਵਿੱਚ ਹੈ। ਮ੍ਰਿਤਕ ਦੇ ਰਿਸ਼ਤੇਦਾਰ ਸੋਗ ਵਿੱਚ ਡੁੱਬੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਅੱਗ ਸਭ ਤੋਂ ਪਹਿਲਾਂ 6 ਮੰਜ਼ਿਲਾ ਇਮਾਰਤ ਦੀ ਗਰਾਊਂਡ ਫਲੋਰ 'ਤੇ ਰਸੋਈ 'ਚ ਲੱਗੀ ਅਤੇ ਹੌਲੀ-ਹੌਲੀ ਪੂਰੀ ਇਮਾਰਤ 'ਚ ਫੈਲ ਗਈ।
ਪੀਐਮ ਮੋਦੀ ਨੇ ਕੁਵੈਤ ਅੱਗ ਦੀ ਘਟਨਾ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਮੋਦੀ ਨੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਇਸ ਬੈਠਕ 'ਚ ਵਿਦੇਸ਼ ਮੰਤਰੀ ਸਮੇਤ ਪੀਐੱਮਓ ਦੇ ਅਧਿਕਾਰੀ ਮੌਜੂਦ ਸਨ। ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਪੀਐਮ ਮੋਦੀ ਦੇ ਆਦੇਸ਼ ਤੋਂ ਬਾਅਦ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਕੁਵੈਤ ਪਹੁੰਚ ਗਏ ਹਨ।


ਕੁਵੈਤ ਅੱਗ ਵਿੱਚ ਮਾਰੇ ਗਏ ਭਾਰਤੀਆਂ ਦੀਆਂ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਸੈਨਾ ਦਾ ਜਹਾਜ਼ C-130J ਭੇਜਿਆ ਗਿਆ ਸੀ। ਕਈ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ।


ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਕੁਵੈਤ ਪਹੁੰਚ ਗਏ ਹਨ। ਉਹ ਜ਼ਖਮੀ ਭਾਰਤੀਆਂ ਦਾ ਹਾਲ-ਚਾਲ ਪੁੱਛਣ ਲਈ ਤੁਰੰਤ ਜਾਬਰ ਹਸਪਤਾਲ ਪਹੁੰਚੇ। ਉਨ੍ਹਾਂ ਨੇ ਹਸਪਤਾਲ 'ਚ ਦਾਖਲ 6 ਜ਼ਖਮੀਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਮੰਤਰੀ ਨੇ ਇਸ ਮੰਦਭਾਗੀ ਘਟਨਾ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੀ ਜਲਦੀ ਵਾਪਸੀ ਅਤੇ ਜ਼ਖਮੀਆਂ ਨੂੰ ਮਿਲਣ ਲਈ ਕੁਵੈਤ ਦਾ ਦੌਰਾ ਕੀਤਾ ਹੈ।


ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟਾਈ ਹੈ। ਭਾਰਤੀ ਦੂਤਾਵਾਸ ਨੇ ਐਮਰਜੈਂਸੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ।


ਕੇਰਲ ਸਰਕਾਰ ਨੇ ਕੁਵੈਤ ਆਫ਼ਤ ਦੇ ਮੱਦੇਨਜ਼ਰ ਐਮਰਜੈਂਸੀ ਕੈਬਨਿਟ ਮੀਟਿੰਗ ਬੁਲਾਈ ਹੈ। ਮੀਟਿੰਗ ਵਿੱਚ ਲਾਸ਼ਾਂ ਨੂੰ ਵਾਪਸ ਲਿਆਉਣ ਅਤੇ ਰਾਹਤ ਕਾਰਜਾਂ ਵਿੱਚ ਤਾਲਮੇਲ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕੀਤੀ।


ਕੇਰਲ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਕੁਵੈਤ ਜਾਣਗੇ ਅਤੇ ਲੋਕਾਂ ਦੇ ਇਲਾਜ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਭਾਰਤ ਲਿਆਉਣ ਲਈ ਯਤਨਾਂ ਦਾ ਤਾਲਮੇਲ ਕਰਨਗੇ।
ਕੇਰਲ ਸਰਕਾਰ ਨੇ ਸੂਬੇ ਦੇ ਮਾਰੇ ਗਏ ਲੋਕਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਕੇਰਲ ਸਰਕਾਰ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। 


ਦਰਅਸਲ, ਕੁਵੈਤ ਵਿੱਚ ਅੱਗ ਲੱਗਣ ਕਾਰਨ ਕੇਰਲ ਦੇ 24 ਲੋਕਾਂ ਦੀ ਮੌਤ ਹੋ ਗਈ ਹੈ, ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦਾ ਡੀਐਨਏ ਟੈਸਟ ਕੀਤਾ ਜਾ ਰਿਹਾ ਹੈ। ਕਈ ਲਾਸ਼ਾਂ ਦੀ ਪਛਾਣ ਨਹੀਂ ਹੋ ਰਹੀ ਹੈ। ਡੀਐਨਏ ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਨ੍ਹਾਂ ਲਾਸ਼ਾਂ ਨੂੰ ਭਾਰਤ ਲਿਆਂਦਾ ਜਾ ਸਕਦਾ ਹੈ।
ਵਿਦੇਸ਼ ਮੰਤਰੀ ਨੇ ਆਪਣੇ ਕੁਵੈਤੀ ਹਮਰੁਤਬਾ ਅਬਦੁੱਲਾ ਅਲੀ ਅਲ-ਯਾਹਿਆ ਨਾਲ ਫੋਨ 'ਤੇ ਗੱਲ ਕੀਤੀ ਹੈ। ਜੈਸ਼ੰਕਰ ਨੇ ਕਿਹਾ, ''ਕੁਵੈਤ 'ਚ ਅੱਗ ਦੀ ਤ੍ਰਾਸਦੀ 'ਤੇ ਕੁਵੈਤ ਦੇ ਵਿਦੇਸ਼ ਮੰਤਰੀ ਅਬਦੁੱਲਾ ਅਲੀ ਅਲ-ਯਾਹਿਆ ਨਾਲ ਗੱਲ ਕੀਤੀ। ਇਸ ਸਬੰਧੀ ਕੁਵੈਤੀ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਭਰੋਸਾ ਦਿੱਤਾ ਗਿਆ ਕਿ ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।


ਤਾਮਿਲਨਾਡੂ ਦੇ ਘੱਟ ਗਿਣਤੀ ਕਲਿਆਣ ਅਤੇ ਗੈਰ-ਨਿਵਾਸੀ ਤਮਿਲ ਕਲਿਆਣ ਮੰਤਰੀ ਗਿੰਗੀ ਕੇਐਸ ਮਸਤਾਨ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਕੁਵੈਤ ਅੱਗ ਵਿੱਚ ਮਰਨ ਵਾਲਿਆਂ ਵਿੱਚ ਪੰਜ ਤਾਮਿਲ ਵੀ ਸ਼ਾਮਲ ਹਨ। ਪੀੜਤ ਰਾਜ ਦੇ ਤੰਜਾਵੁਰ, ਰਾਮਨਾਥਪੁਰਮ ਅਤੇ ਪੇਰਾਵੁਰਾਨੀ ਖੇਤਰਾਂ ਦੇ ਸਨ ਅਤੇ ਉਨ੍ਹਾਂ ਦੀ ਪਛਾਣ ਰਾਮਾ ਕਰੱਪਨ, ਵੀਰਾਸਾਮੀ ਮਰਿਯੱਪਨ, ਚਿਨਾਦੁਰਾਈ ਕ੍ਰਿਸ਼ਨਾਮੂਰਤੀ, ਮੁਹੰਮਦ ਸ਼ੈਰਿਫ ਅਤੇ ਰਿਚਰਡ ਵਜੋਂ ਹੋਈ ਹੈ।


ਕੁਵੈਤ ਦੇ ਉਪ ਪ੍ਰਧਾਨ ਮੰਤਰੀ ਸ਼ੇਖ ਫਾਹਦ ਯੂਸਫ ਅਲ ਸਬਾਹ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਸ਼ੇਖ ਫਹਾਦ ਨੇ ਕਿਹਾ ਹੈ ਕਿ ਕੰਪਨੀ ਮਾਲਕ ਦੇ ਲਾਲਚ ਕਾਰਨ ਇਹ ਹਾਦਸਾ ਵਾਪਰਿਆ ਹੈ।