ਲੰਡਨ: ਕਈ ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਇਸ ਲਈ ਪੂਰੀ ਕੌਮ ਦਾ ਅਕਸ ਖਰਾਬ ਹੋ ਰਿਹਾ ਹੈ। ਤਾਜ਼ਾ ਮਾਮਲਾ ਯੂਕੇ ਦਾ ਹੈ। ਇੱਥੇ ਇੱਕ ਸਿੱਖ ਜੋੜੇ ਖ਼ਿਲਾਫ਼ ਦਾਨ ਦੇ ਫੰਡਾਂ ਵਿੱਚ ਹੇਰਾਫੇਰੀ ਦੇ ਦੋਸ਼ ਆਇਦ ਕੀਤੇ ਗਏ ਹਨ। ਇਸ ਜੋੜੇ ਨੂੰ ਜੁਲਾਈ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ।


ਹਾਸਲ ਜਾਣਕਾਰੀ ਮੁਤਾਬਕ ਰਾਜਬਿੰਦਰ ਕੌਰ (50) ਖ਼ਿਲਾਫ਼ ਮਨੀ ਲਾਂਡਰਿੰਗ ਤੇ 50 ਹਜ਼ਾਰ ਪੌਂਡ ਦੀ ਚੋਰੀ ਤੇ ਕਲਦੀਪ ਸਿੰਘ ਲੈਹਲ ਖਿਲਾਫ਼ ਯੂਕੇ ਵਿੱਚ ਖੈਰਾਤ ਦੇ ਪੈਸੇ ’ਤੇ ਨਜ਼ਰ ਰੱਖਣ ਵਾਲੇ ਚੈਰਿਟੀ ਕਮਿਸ਼ਨ ਨੂੰ ਝੂਠੀ ਤੇ ਗ਼ਲਤ ਜਾਣਕਾਰੀ ਦੇਣ ਦੇ ਦੋਸ਼ ਆਇਦ ਕੀਤੇ ਗਏ ਹਨ।

ਬਰਮਿੰਘਮ ਦਾ ਰਹਿਣਾ ਵਾਲਾ ਇਹ ਜੋੜਾ, ਅਸਲ ਵਿੱਚ ਰਿਸ਼ਤੇ ’ਚ ਭੈਣ-ਭਰਾ ਲੱਗਦਾ ਹੈ। ਇਨ੍ਹਾਂ ਦਾ ਸਬੰਧ ਸਿੱਖ ਯੂਥ ਯੂਕੇ ਨਾਲ ਦੱਸਿਆ ਜਾਂਦਾ ਹੈ ਤੇ ਦੋਵਾਂ ਨੂੰ ਵੈਸਟ ਮਿਡਲੈਂਡਜ਼ ਕਾਊਂਟਰ ਟੈਰਰਿਜ਼ਮ ਯੂਨਿਟ (ਡਬਲਿਊਐਮਸੀਯੂ) ਨੇ 3 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਸ ਦੌਰਾਨ ਚੈਰਿਟੀ ਕਮਿਸ਼ਨ ਨੇ ਸਿੱਖ ਯੂਥ ਯੂਕੇ ਖ਼ਿਲਾਫ਼ ਕਾਨੂੰਨ ਜਾਂਚ ਵਿੱਢਣ ਦੀ ਪੁਸ਼ਟੀ ਕੀਤੀ ਹੈ। ਉਧਰ ਬ੍ਰਿਟਿਸ਼ ਸਿੱਖ ਜਥੇਬੰਦੀ ਨੇ ਖੁ਼ਦ ਨੂੰ ਸਮਾਜਿਕ ਅਲਾਮਤਾਂ ਖ਼ਿਲਾਫ਼ ਜਾਗਰੂਕ ਕਰਨ ਵਾਲੀ ਕੌਮੀ ਸੰਸਥਾ ਦੱਸਿਆ ਹੈ।