ਵੇਲਿੰਗਟਨ: ਆਮ ਤੌਰ ’ਤੇ ਨਊਜ਼ੀਲੈਂਡ ਦੇ ਲੋਕ ਬੜੇ ਨਿਮਰ ਸੁਭਾਅ ਦੇ ਮੰਨੇ ਜਾਂਦੇ ਹਨ ਪਰ ਇੰਗਲੈਂਡ ਦੇ ਇੱਕ ਪਰਿਵਾਰ ਦੇ ਸਾਹਮਣੇ ਉਨ੍ਹਾਂ ਦੀ ਸਾਰੀ ਨਿਮਰਤਾ ਜਾਂਦੀ ਰਹੀ। ਦਰਅਸਲ ਇਸ ਅੰਗਰੇਜ਼ੀ ਪਰਿਵਾਰ ਨੇ ਅਜਿਹਾ ਕੁਝ ਕੀਤਾ ਹੈ ਜਿਸ ਕਰਕੇ ਨਿਊਜ਼ੀਲੈਂਡ ਦੇ ਲੋਕ ਕਾਫੀ ਨਾਰਾਜ਼ ਹਨ। ਉਨ੍ਹਾਂ ਇਸ ਪਰਿਵਾਰ ਨੂੰ ‘ਸੂਰ ਤੋਂ ਵੀ ਘਟੀਆ’ ਕਰਾਰ ਦਿੱਤਾ ਹੈ। ਹੁਣ ਪਰਿਵਰ ਨੂੰ ਡਿਪੋਰਟ, ਯਾਨੀ ਵਾਪਸ ਇੰਗਲੈਂਡ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਨਿਊਜ਼ੀਲੈਂਡ ਦੇ ਆਕਲੈਂਡ ਤੇ ਹੈਮਿਲਟਨ ਵਰਗੇ ਸ਼ਹਿਰਾਂ ਵਿੱਚ ਇਸ ਪਰਿਵਾਰ ਖ਼ਿਲਾਫ਼ ਗੰਦਗੀ ਫੈਲਾਉਣ, ਹਮਲਾ ਕਰਨ, ਮੁਫ਼ਤ ’ਚ ਹੋਟਲ ਦਾ ਖਾਣਾ ਖਾਣ ਤੇ ਲੋਕਾਂ ਨੂੰ ਡਰਾਉਣ-ਧਮਕਾਉਣ ਸਮੇਤ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਹਨ। ਆਕਲੈਂਡ ਦੇ ਮੇਅਰ ਫਿਲ ਗਾਫ ਨੇ ਇਸ ਪਰਿਵਾਰ ਖ਼ਿਲਾਫ਼ ਪੁਲਿਸ ਕਾਰਵਾਈ ਦੀ ਮੰਗ ਕੀਤੀ ਹੈ। ਇੱਥੋਂ ਤਕ ਕਿ ਉਨ੍ਹਾਂ ਸਥਾਨਕ ਰੇਡੀਓ ’ਤੇ ਪਰਿਵਾਰ ਨੂੰ ‘ਕੂੜਾ ਤੇ ਜੋਕ’ ਤਕ ਕਹਿ ਦਿੱਤਾ।

ਮੇਅਰ ਨੇ ਜਾਣਕਾਰੀ ਦਿੱਤੀ ਕਿ ਇਹ ਪਰਿਵਾਰ ਸੂਰ ਤੋਂ ਵੀ ਘਟੀਆ ਹਨ। ਉਨ੍ਹਾਂ ਕਿਹਾ ਕਿ ਉਹ ਇਸ ਪਰਿਵਾਰ ਨੂੰ ਦੇਸ਼ ਤੋਂ ਬਾਹਰ ਵੇਖਣਾ ਚਾਹੁੰਦੇ ਹਨ। ਹਾਸਲ ਜਾਣਕਾਰੀ ਮੁਤਾਬਕ ਇਸ ਪਰਿਵਾਰ ਨੂੰ ਵਾਪਸ ਭੇਜਣ ਦਾ ਨੋਟਿਸ ਦੇ ਦਿੱਤਾ ਗਿਆ ਹੈ। ਇਸ ਪਿੱਛੇ ਉਨ੍ਹਾਂ ਦੇ ਵਿਹਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਪਰਿਵਾਰ ਦੇ 24 ਸਾਲਾ ਮੈਂਬਰ ਨੇ ਪੈਟਰੋਲ ਸਟੇਸ਼ਨ ਤੋਂ 37 ਡਾਲਰ ਦੀਆਂ ਚੀਜ਼ਾਂ ਚੋਰੀ ਕਰਨ ਦਾ ਜ਼ੁਰਮ ਕਬੂਲਿਆ ਹੈ।