ਨੈਰੋਬੀ: ਪੱਛਮੀ ਕੀਨੀਆ ਵਿੱਚ ਬੀਤੇ ਦਿਨ ਹੋਏ ਬੱਸ ਹਾਦਸੇ ਵਿੱਚ 55 ਮੌਤਾਂ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਵਿੱਚ ਨੌਂ ਬੱਚੇ ਵੀ ਸ਼ਾਮਲ ਹਨ ਅਤੇ ਹਾਦਸੇ ਵਿੱਚ ਸਿਰਫ਼ 15 ਮੁਸਾਫ਼ਰ ਹੀ ਜ਼ਿੰਦਾ ਬਚੇ ਹਨ, ਜੋ ਜ਼ੇਰੇ ਇਲਾਜ ਹਨ।

ਕੇਰੀਚੋ ਕਾਊਂਟੀ ਪੁਲਿਸ ਕਮਾਂਡਰ ਜੇਮਸ ਮੁਗੇਰਾ ਨੇ ਦੱਸਿਆ ਕਿ ਚਾਲਕ ਨੇ ਬੱਸ 'ਤੇ ਕੰਟਰੋਲ ਗੁਆ ਦਿੱਤਾ ਸੀ, ਜਿਸ ਕਾਰਨ ਬੱਸ ਸੜਕ ਤੋਂ ਖਿਸਕ ਕੇ ਹੇਠਾਂ ਖੱਡ ਵਿੱਚ ਡਿੱਗ ਗਈ। ਸਥਾਨਕ ਸਮੇਂ ਮੁਤਾਬਕ ਇਹ ਹਾਦਸਾ ਬੀਤੇ ਦਿਨ ਸਵੇਰੇ ਚਾਰ ਵਜੇ ਵਾਪਰਿਆ।

ਸਥਾਕ ਆਵਾਜਾਈ ਪੁਲਿਸ ਦੇ ਇੰਚਾਰਜ ਜ਼ੀਰੋ ਅਰੋਮੇ ਨੇ ਦੱਸਿਆ ਕਿ ਹਾਦਸਾਗ੍ਰਸਤ ਬੱਸ ਰਜਿਸਟਰਡ ਨਹੀਂ ਸੀ ਅਤੇ ਗ਼ੈਰ ਕਾਨੂੰਨੀ ਤਰੀਕੇ ਨਾਲ ਰਾਤ ਨੂੰ ਚਲਾਈ ਜਾਂਦੀ ਸੀ। ਉਨ੍ਹਾਂ ਕਿਹਾ ਕਿ ਮਾਲਕਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।