ਫਾਊਟੇਨਗ੍ਰੋਵ- ਕੈਲੀਫੋਰਨੀਆ ਦੇ ਫਾਊਟੇਨਗ੍ਰੋਵ ਖੇਤਰ ਵਿੱਚ ਭਿਆਨਕ ਅੱਗ ਕਾਰਨ ਭਾਰਤੀ ਅਮਰੀਕੀਆਂ ਦੇ ਘਰ ਰਾਖ ਦੇ ਢੇਰ ਬਣ ਗਏ ਹਨ। 9 ਅਕਤੂਬਰ ਨੂੰ ਸਵੇਰ ਸਮੇਂ ਭਾਰਤੀ ਅਮਰੀਕੀ ਪਾਲੋਮੀ ਸ਼ਾਹ, ਜੋ ਬੱਚਿਆਂ ਦੇ ਰੋਗਾਂ ਦੀ ਮਾਹਰ ਹੈ, ਆਪਣੇ ਘਰ ਸੁੱਤੀ ਪਈ ਸੀ। ਉਸ ਨੂੰ ਉਸ ਦੇ ਗੁਆਂਢੀ ਨੇ ਫੋਨ ਕਰਕੇ ਖਿੜਕੀ ‘ਚੋਂ ਬਾਹਰ ਦੇਖਣ ਲਈ ਆਖਿਆ।


ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵੱਲ ਅੱਗ ਦਾ ਗੋਲਾ ਵਧ ਰਿਹਾ ਸੀ ਅਤੇ ਜਦੋਂ ਉਹ ਆਪਣੇ ਛੋਟੇ ਬੱਚੇ, ਸੱਸ ਸਹੁਰੇ ਤੇ ਪਤੀ ਨਾਲ ਘਰੋਂ ਨਿਕਲੀ ਤਾਂ ਘਰ ਅੱਗ ਵਿੱਚ ਘਿਰ ਗਿਆ।

ਨਾਰਥ ਬੇਅ ਇੰਡੋ ਅਮਰੀਕਨ ਐਸੋਸੀਏਸ਼ਨ ਦੀ ਪ੍ਰਧਾਨ ਪਾਲੋਮੀ ਸ਼ਾਹ ਨੇ ਦੱਸਿਆ ਕਿ ਉਸ ਦੇ ਗੁਆਂਢ ਦੇ 12-15 ਭਾਰਤੀ ਅਮਰੀਕੀਆਂ ਦੇ ਘਰ ਸੜ ਕੇ ਸੁਆਹ ਹੋ ਗਏ ਤੇ ਨਾਪਾ, ਲੇਕ, ਮੇਂਡੋਕੀਨੋ, ਬੁਟੇ ਤੇ ਸੋਨਾਮਾ ‘ਚ ਕਰੀਬ ਦੋ ਹਜ਼ਾਰ ਘਰਾਂ ਦੇ ਕੇਵਲ ਢਾਂਚੇ ਰਹਿ ਗਏ।

ਇਸ ਇਲਾਕੇ ‘ਚ 10 ਲੋਕ ਮਾਰੇ ਗਏ ਅਤੇ 200 ਤੋਂ ਵੱਧ ਹਸਪਤਾਲਾਂ ‘ਚ ਜ਼ੇਰੇ ਇਲਾਜ ਹਨ। ਜ਼ਿਕਰ ਯੋਗ ਹੈ ਕਿ ਕੈਲੀਫੋਰਨੀਆ ‘ਚ ਚਾਰ ਦਿਨਾਂ ਤੋਂ ਲੱਗੀ ਅੱਗ ਕਾਰਨ ਹੁਣ ਤੱਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ।