ਨਵੀਂ ਦਿੱਲੀ: ਸੈਂਕੜੇ ਕੈਨੇਡਾਈ ਡਾਕਟਰਾਂ, ਮੈਡੀਕਲ ਖੇਤਰ 'ਚ ਅਭਿਆਸ ਕਰਨ ਵਾਲੇ ਤੇ ਮੈਡੀਕਲ ਵਿਦਿਆਰਥੀਆਂ ਨੇ ਵਿਲੱਖਣ ਪਟੀਸ਼ਨ 'ਤੇ ਦਸਤਖ਼ਤ ਕੀਤੇ ਹਨ। ਜਿਸ ਪਟੀਸ਼ਨ 'ਤੇ ਉਨ੍ਹਾਂ ਦਸਤਖ਼ਤ ਕੀਤੇ ਹਨ, ਉਹ ਉਨ੍ਹਾਂ ਦੀ ਖ਼ੁਦ ਦੀ ਤਨਖ਼ਾਹ ਵਧਾਏ ਜਾਣ ਦੇ ਖ਼ਿਲਾਫ਼ ਹੈ। ਉੱਥੇ ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸੈਲਰੀ ਵਿੱਚ ਵਧਾਈ ਰਕਮ ਨਾਲ ਨਰਸਾਂ ਦੀਆਂ ਤਨਖ਼ਾਹਾਂ ਤੋਂ ਲੈ ਕੇ ਜ਼ਰੂਰਤਮੰਦ ਮਰੀਜ਼ਾਂ ਦੀ ਸਹਾਇਤਾ ਕਰਨ ਲਈ ਵਰਤਿਆ ਜਾਣਾ ਚਾਹੀਦਾ ਹੈ।


ਕੈਨੇਡਾ ਦੇ ਜਿਸ ਸੂਬੇ ਦੇ ਡਾਕਟਰਾਂ ਦੀ ਇਹ ਮੰਗ ਹੈ, ਉੱਥੋਂ ਦੀ ਦਫ਼ਤਰੀ ਭਾਸ਼ਾ ਫਰੈਂਚ ਹੈ। ਇਸੇ ਭਾਸ਼ਾ ਵਿੱਚ ਲਿਖੀ ਗਈ ਚਿੱਠੀ ਵਿੱਚ ਲਿਖਿਆ ਹੈ, "ਅਸੀਂ ਕਿਊਬਿਕ ਡਾਕਟਰ ਮਜ਼ਬੂਤ ਪਬਲਿਕ ਸਿਸਟਮ ਵਿੱਚ ਵਿਸ਼ਵਾਸ ਰੱਖਦੇ ਹਾਂ ਤੇ ਮੈਡੀਕਲ ਫੈਡਰੇਸ਼ਨ ਨੇ ਸਾਡੇ ਪੈਸੇ ਵਧਵਾਏ ਜਾਣ ਦੀ ਮੰਗ ਨੂੰ ਪਾਸ ਕਰਵਾਇਆ ਹੈ, ਅਸੀਂ ਉਸ ਦਾ ਵਿਰੋਧ ਕਰ ਰਹੇ ਹਾਂ।"

ਬੀਤੀ 25 ਫਰਵਰੀ ਨੂੰ ਪੋਸਟ ਕੀਤੀ ਗਈ ਇਸ ਪਟੀਸ਼ਨ 'ਤੇ ਲਿਖੇ ਜਾਣ ਤਕ 700 ਤੋਂ ਜ਼ਿਆਦਾ ਡਾਕਟਰਾਂ ਨੇ ਦਸਤਖ਼ਤ ਕੀਤੇ ਹਨ। ਇਨ੍ਹਾਂ ਵਿੱਚ ਜਨਰਲ ਪ੍ਰੈਕਟੀਸ਼ਨਰ, ਸਪੈਸ਼ਲਿਸਟ, ਰੈਸੀਡੈਂਟ ਮੈਡੀਕਲ ਡਾਕਟਰ ਤੋਂ ਲੈ ਕੇ ਮੈਡੀਕਲ ਵਿਦਿਆਰਥੀ ਸ਼ਾਮਲ ਹਨ। ਡਾਕਟਰਾਂ ਦੀਆਂ ਤਨਖ਼ਾਹਾਂ ਵਧਾਉਣ ਲਈ ਦੇਸ਼ ਦੇ ਹੈਲਥ ਬਜਟ ਵਿੱਚੋਂ ਇੱਕ ਵੱਡਾ ਹਿੱਸਾ ਕੱਢਣਾ ਪਿਆ ਹੈ, ਜਿਸ ਕਾਰਨ ਨਰਸਾਂ ਤੇ ਕਲਰਕਾਂ 'ਤੇ ਬਹੁਤ ਜ਼ਿਆਦਾ ਵਜ਼ਨ ਪੈ ਗਿਆ ਹੈ। ਇਸ ਦੇ ਨਾਲ-ਨਾਲ ਮਰੀਜ਼ਾਂ ਨੂੰ ਵੀ ਸਿਹਤ ਸੇਵਾਵਾਂ ਵਿੱਚ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

ਕੈਨੇਡਾ ਇੰਸਟੀਚਿਊਟ ਫਾਰ ਹੈਲਥ ਇਨਫਾਰਮੇਸ਼ਨ ਦੀ ਸਾਲ 2017 ਦੀ ਰਿਪੋਰਟ ਮੁਤਾਬਕ ਇੱਕ ਆਮ ਕੈਨੇਡਾਈ ਡਾਕਟਰ 260,925 ਡਾਲਰ ਯਾਨੀ 1,31,67,790.58 ਰੁਪਏ ਕਮਾਉਂਦਾ ਹੈ। ਰਿਪੋਰਟ ਨੇ ਇਹ ਗੱਲ ਸਾਫ ਕੀਤੀ ਹੈ ਕਿ ਇਹ ਸਿਰਫ ਡਾਕਟਰਾਂ ਨੂੰ ਸਿੱਧੇ ਤੌਰ 'ਤੇ ਮਿਲਣ ਵਾਲੀ ਰਕਮ ਹੈ ਜਿਸ ਵਿੱਚ ਉਨ੍ਹਾਂ ਦੀ ਬਾਕੀ ਕੀ ਕਮਾਈ ਸ਼ਾਮਲ ਨਹੀਂ ਹੋ ਸਕਦੀ।

ਡਾਕਟਰਾਂ ਨੇ 25 ਫਰਵਰੀ ਨੂੰ ਇੱਕ ਹੋਰ ਪਟੀਸ਼ਨ ਜਾਰੀ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੂੰ 500 ਮਿਲੀਅਨ ਡਾਲਰ ਯਾਨੀ 25,25,32,52,925.00 ਰੁਪਏ ਦੀ ਰਕਮ ਨੂੰ ਸਪੈਸ਼ਲਿਸਟ ਡਾਕਟਰਾਂ ਦੀ ਤਨਖ਼ਾਹ ਵਿੱਚ ਵਧਾਏ ਜਾਣ ਨੂੰ ਭੱਦਾ ਕਰਾਰ ਦਿੱਤਾ। ਡਾਕਟਰਾਂ ਦਾ ਇਹ ਕਦਮ ਨਰਸਾਂ ਦੇ ਉਸ ਕਦਮ ਤੋਂ ਬਾਅਦ ਆਇਆ ਹੈ ਜੋ ਇਨ੍ਹਾਂ ਡਾਕਟਰਾਂ ਦੀ ਤਨਖ਼ਾਹ ਵਧਾਏ ਜਾਣ ਦੇ ਵਿਰੋਧ ਵਿੱਚ ਚੁੱਕਿਆ ਸੀ।