Canada Reviewing F-35 Deal: ਅਮਰੀਕਾ ਅਤੇ ਕੈਨੇਡਾ ਵਿਚਕਾਰ ਸੰਬੰਧ ਲਗਾਤਾਰ ਖਰਾਬ ਹੋ ਰਹੇ ਹਨ। ਡੋਨਾਲਡ ਟਰੰਪ ਦੇ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਦੋਵੇਂ ਗੁਆਂਢੀ ਮੁਲਕਾਂ ਵਿਚਲੇ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਟਰੰਪ ਸਰਕਾਰ ਦੇ ਫੈਸਲੇ ਹੀ ਇਸ ਦੂਰੀ ਦਾ ਕਾਰਨ ਬਣੇ ਹਨ। ਕੈਨੇਡਾ 'ਤੇ ਟੈਰੀਫ ਵਧਾਉਣ ਅਤੇ ਉਸਨੂੰ ਅਮਰੀਕਾ 'ਚ ਮਿਲਾਉਣ ਵਾਲੇ ਬਿਆਨਾਂ ਕਾਰਨ ਇਹ ਹਾਲਾਤ ਬਣੇ ਹਨ। ਨਤੀਜਾ ਇਹ ਹੋਇਆ ਕਿ ਹੁਣ ਕੈਨੇਡਾ ਵੀ ਅਮਰੀਕਾ ਨੂੰ ਸਬਕ ਸਿਖਾਉਣ ਦੀ ਤਿਆਰੀ 'ਚ ਹੈ। ਕੈਨੇਡਾ, ਅਮਰੀਕਾ ਤੋਂ ਖਰੀਦੇ ਜਾਣ ਵਾਲੇ F-35 ਫਾਈਟਰ ਜੈੱਟ ਦੀ ਡੀਲ ਰੱਦ ਕਰ ਸਕਦਾ ਹੈ।



ਕੈਨੇਡਾ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ (15 ਮਾਰਚ) ਨੂੰ ਏਐਫਪੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੈਨੇਡਾ ਉਸ ਸੌਦੇ ਦੀ ਸਮੀਖਿਆ ਕਰ ਰਿਹਾ ਹੈ, ਜਿਸਦੇ ਤਹਿਤ ਅਮਰੀਕਾ ਤੋਂ F-35 ਲੜਾਕੂ ਜਹਾਜ਼ ਖਰੀਦੇ ਜਾਣੇ ਹਨ। ਇਹ ਗੱਲ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਦੋ ਦਿਨ ਪਹਿਲਾਂ ਹੀ ਪੁਰਤਗਾਲ ਨੇ ਵੀ F-35 ਖਰੀਦਣ ਦੀ ਯੋਜਨਾ ਦੀ ਸਮੀਖਿਆ ਕਰਨ ਦਾ ਐਲਾਨ ਕੀਤਾ ਸੀ। ਟਰੰਪ ਵੱਲੋਂ ਸ਼ੁਰੂ ਕੀਤੇ ਗਏ ਟੈਰੀਫ ਵਾਰ ਅਤੇ ਅਟਲਾਂਟਿਕ ਗਠਜੋੜ ਪ੍ਰਤੀ ਉਨ੍ਹਾਂ ਦੇ ਗੈਰ-ਸਥਿਰ ਸਮਰਥਨ ਕਾਰਨ ਪੁਰਤਗਾਲ ਸਰਕਾਰ ਨੇ ਇਹ ਫੈਸਲਾ ਲਿਆ ਸੀ।


ਐਕਸ਼ਨ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ


ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣ ਤੋਂ ਬਾਅਦ ਮਾਰਕ ਕਾਰਨੀ, ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ 'ਜੈਸੇ ਕੋ ਤੈਸਾ' ਪਾਠ ਪੜ੍ਹਾਉਣ ਦੀ ਤਿਆਰੀ 'ਚ ਹਨ। ਉਨ੍ਹਾਂ ਨੇ ਪਦ ਸੰਭਾਲਦੇ ਹੀ ਰੱਖਿਆ ਮੰਤਰਾਲੇ ਤੋਂ ਪੁੱਛਿਆ ਹੈ ਕਿ "ਕੀ F-35 ਸੌਦਾ ਕੈਨੇਡਾ ਲਈ ਚੰਗਾ ਨਿਵੇਸ਼ ਹੈ ਜਾਂ ਕੋਈ ਹੋਰ ਵਿਕਲਪ ਵੀ ਹਨ ਜੋ ਕੈਨੇਡਾ ਦੀਆਂ ਜ਼ਰੂਰਤਾਂ ਅਨੁਸਾਰ ਹੋਰ ਵਧੀਆ ਹੋ ਸਕਦੇ ਹਨ?" ਇਹ ਗੱਲ ਰੱਖਿਆ ਮੰਤਰਾਲੇ ਦੇ ਪ੍ਰਵਕਤਾ ਲਾਰੈਂਟ ਡੀ ਕਸਾਨੋਵ ਦੇ ਇਕ ਈ-ਮੇਲ ਰਾਹੀਂ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਕੈਨੇਡਾ ਨੇ ਜਨਵਰੀ 2023 ਵਿਚ ਅਮਰੀਕੀ ਕੰਪਨੀ ਲਾਕਹੀਡ ਮਾਰਟਿਨ ਨਾਲ 88 F-35 ਲੜਾਕੂ ਜਹਾਜ਼ ਖਰੀਦਣ ਦੇ ਸੌਦੇ 'ਤੇ ਦਸਤਖਤ ਕੀਤੇ ਸਨ। 16 ਫਾਈਟਰ ਜੈੱਟ ਦੀ ਪਹਿਲੀ ਖੇਪ ਲਈ ਪੈਸੇ ਵੀ ਦਿੱਤੇ ਜਾ ਚੁੱਕੇ ਹਨ।



ਟੈਰੀਫ਼ ਨੂੰ ਲੈ ਕੇ ਵੀ ਵਿਵਾਦ


ਟਰੰਪ ਨੇ ਰਾਸ਼ਟਰਪਤੀ ਬਣਦੇ ਹੀ ਦੁਨੀਆ ਭਰ ਦੇ ਦੇਸ਼ਾਂ ਨਾਲ ਟੈਰੀਫ਼ ਨੂੰ ਲੈ ਕੇ ਸਿੱਧੀ ਟਕਰ ਦੀ ਲੜਾਈ ਸ਼ੁਰੂ ਕਰ ਦਿੱਤੀ। ਇਸ ਵਿੱਚ ਸਭ ਤੋਂ ਪਹਿਲਾਂ ਗੁਆਂਢੀ ਦੇਸ਼ ਕੈਨੇਡਾ ਸੀ। ਟਰੰਪ ਨੇ ਕੈਨੇਡਾ ਤੋਂ ਅਮਰੀਕਾ ਆਯਾਤ ਹੋਣ ਵਾਲੀਆਂ ਵਸਤੂਆਂ 'ਤੇ 25% ਟੈਰੀਫ਼ ਲਗਾਉਣ ਦਾ ਐਲਾਨ ਕੀਤਾ। ਇਸ ਦੇ ਜਵਾਬ 'ਚ ਕੈਨੇਡਾ ਨੇ ਵੀ ਅਮਰੀਕੀ ਉਤਪਾਦਾਂ 'ਤੇ ਇੰਨਾ ਹੀ ਟੈਰੀਫ਼ ਲਗਾਉਣ ਦੀ ਗੱਲ ਕਹੀ। ਇਸ ਤੋਂ ਬਾਅਦ ਟਰੰਪ ਅਤੇ ਉਨ੍ਹਾਂ ਦੀ ਸਰਕਾਰ ਦੇ ਵੱਡੇ ਅਹੁਦਿਆਂ 'ਤੇ ਬੈਠੇ ਕਈ ਲੋਕਾਂ ਨੇ ਲਗਾਤਾਰ ਕੈਨੇਡਾ ਦੀ ਸੰਪ੍ਰਭੂਤਾ ਦਾ ਉਲੰਘਣ ਕੀਤਾ। ਪਿਛਲੇ ਦੋ ਮਹੀਨਿਆਂ 'ਚ ਕਈ ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਏ ਜਾਣ ਦੀ ਗੱਲ ਕਹੀ ਗਈ। ਇਸ ਕਾਰਨ ਕੈਨੇਡਾ ਦੇ ਲੋਕਾਂ ਵਿੱਚ ਅਮਰੀਕਾ ਪ੍ਰਤੀ ਗੁੱਸਾ ਵੀ ਸਾਹਮਣੇ ਆਇਆ। ਇਨ੍ਹਾਂ ਸਭ ਕਾਰਨਾਂ ਕਰਕੇ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਇਸ ਵੇਲੇ ਚਰਮ 'ਤੇ ਹੈ।