Canada News: ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਤਿੰਨ ਭਾਰਤੀ ਨਾਗਰਿਕ ਇਸ ਕੇਸ ਵਿੱਚ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਪਹਿਲੀ ਵਾਰ ਵੀਡੀਓ ਕਾਨਫਰੰਸ ਰਾਹੀਂ ਕੈਨੇਡਾ ਦੀ ਅਦਾਲਤ ਵਿੱਚ ਪੇਸ਼ ਹੋਏ। ਇਸ ਕਤਲ ਨੇ ਕੈਨੇਡਾ-ਭਾਰਤ ਸਬੰਧਾਂ ਵਿੱਚ ਤਣਾਅ ਪੈਦਾ ਕਰ ਦਿੱਤਾ ਹੈ।
ਐਡਮਿੰਟਨ ‘ਚ ਰਹਿਣ ਵਾਲੇ ਭਾਰਤੀ ਨਾਗਰਿਕ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਤੇ ਕਰਨਪ੍ਰੀਤ ਸਿੰਘ (28) ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਨ੍ਹਾਂ ‘ਤੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ। ਮੀਡੀਆ ਮੁਤਾਬਕ ਤਿੰਨਾਂ ਨੂੰ ਸਰੀ ਦੀ ਖਚਾਖਚ ਭਰੀ ਸੂਬਾਈ ਅਦਾਲਤ ਵਿੱਚ ਵੀਡੀਓ ਕਾਨਫਰੰਸ ਰਾਹੀਂ ਵੱਖਰੇ ਤੌਰ ‘ਤੇ ਪੇਸ਼ ਕੀਤਾ ਗਿਆ।
ਉਹ ਆਪਣੇ ਵਕੀਲਾਂ ਨਾਲ ਸਲਾਹ ਕਰਨ ਲਈ ਸਮਾਂ ਦੇਣ ਲਈ ਕੇਸ ਦੀ ਸੁਣਵਾਈ 21 ਮਈ ਤੱਕ ਮੁਲਤਵੀ ਕਰਨ ਲਈ ਸਹਿਮਤ ਹੋਏ। ਮੰਨਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਵਿਅਕਤੀ ਉਸ ਕਥਿਤ ਗਰੁੱਪ ਦੇ ਮੈਂਬਰ ਹਨ, ਜਿਸ ਨੂੰ ਨਿੱਝਰ ਦੀ ਹੱਤਿਆ ਦਾ ਕੰਮ ਸੌਂਪਿਆ ਗਿਆ ਸੀ।
ਉਧਰ, ਭਾਰਤ-ਕੈਨੇਡਾ ਸਬੰਧਾਂ ਵਿੱਚ ਕੂਟਨੀਤਕ ਤਣਾਅ ਦੌਰਾਨ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਨੇ ਚਿਤਾਵਨੀ ਦਿੱਤੀ ਹੈ ਕਿ ਕੈਨੇਡਾ ਵਿੱਚ ਸਿੱਖ ਵੱਖਵਾਦੀ ਸਮੂਹ ਖਤਰੇ ਦੀ ਵੱਡੀ ਲੀਕ ਪਾਰ ਕਰ ਰਹੇ ਹਨ, ਜਿਸ ਨੂੰ ਭਾਰਤ ਆਪਣੀ ਕੌਮੀ ਸੁਰੱਖਿਆ ਤੇ ਖੇਤਰੀ ਅਖੰਡਤਾ ਦੇ ਮਾਮਲੇ ਵਜੋਂ ਨੂੰ ਦੇਖਦਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਨੇ ਆਪਣੇ ਪਹਿਲੇ ਜਨਤਕ ਬਿਆਨ ਵਿੱਚ ਇਹ ਗੱਲ ਕਹੀ। ਵਰਮਾ ਇਸ ਮਾਮਲੇ ਨੂੰ ਘਰੇਲੂ ਅਪਰਾਧ ਨਾਲ ਜੋੜਦੇ ਨਜ਼ਰ ਆਏ।
ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਕੈਨੇਡਾ ਵਿੱਚ ਸਿੱਖ ਸਮੂਹ, ਜੋ ਭਾਰਤ ਤੋਂ ਵੱਖ ਹੋਣ ਦਾ ਸੱਦਾ ਦਿੰਦੇ ਹਨ, ਖਤਰੇ ਦੀ ਵੱਡੀ ਲੀਕ ਪਾਰ ਕਰ ਰਹੇ ਹਨ, ਜਿਸ ਨੂੰ ਨਵੀਂ ਦਿੱਲੀ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਮੰਨਦੀ ਹੈ। ਭਾਰਤੀ ਆਪਣੇ ਦੇਸ਼ ਦੀ ਕਿਸਮਤ ਦਾ ਫੈਸਲਾ ਕਰਨਗੇ, ਵਿਦੇਸ਼ੀ ਨਹੀਂ। ਭਾਰਤ ਤੇ ਕੈਨੇਡਾ ਦੇ ਸਬੰਧ ਸਮੁੱਚੇ ਤੌਰ ‘ਤੇ ਸਕਾਰਾਤਮਕ ਹਨ, ਭਾਵੇਂ ਕਿ ਉਨ੍ਹਾਂ ’ਚ ਤਣਾਅ ਹੈ। ਦੋਵੇਂ ਦੇਸ਼ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।