ਟੋਰੰਟੋ: ਓਂਨਟਾਰੀਓ ਦੀ ਯਾਰਕ ਰੀਜਨ ਪੁਲਿਸ ਨੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਨੂੰ ਸਬਕ ਸਿਖਾਉਣ ਦਾ ਨਵਾਂ ਢੰਗ ਲੱਭ ਲਿਆ ਹੈ। ਹੁਣ ਹਰ ਸੋਮਵਾਰ ਨੂੰ ਇੱਕ ਸੂਚੀ ਜਾਰੀ ਕਰਨਗੇ ਜਿਸ ਵਿੱਚ ਸ਼ਰਾਬ ਪੀ ਕੇ ਜਾਂ ਕੋਈ ਹੋਰ ਨਸ਼ਾ ਕਰ ਕੇ ਡਰਾਈਵਿੰਗ ਕਰਨ ਵਾਲਿਆਂ ਦਾ ਨਾਂਅ ਫੇਸਬੁੱਕ ਤੇ ਟਵਿੱਟਰ ਰਾਹੀਂ ਜੱਗ ਜ਼ਾਹਰ ਕੀਤੇ ਜਾਣਗੇ।
ਇੰਨਾ ਹੀ ਨਹੀਂ ਇਸ ਵਿੱਚ ਸੂਚੀ ਵਿੱਚ ਨਾਵਾਂ ਦੇ ਨਾਲ-ਨਾਲ ਕਾਨੂੰਨ ਤੋੜਨ ਵਾਲਿਆਂ ਦੇ ਰਿਹਾਇਸ਼ੀ ਇਲਾਕੇ ਦਾ ਨਾਂਅ ਵੀ ਸ਼ਾਮਿਲ ਹੋਵੇਗਾ ਤਾਂ ਜੋ ਅਜਿਹੇ ਬੰਦਿਆਂ ਨੂੰ ਆਪਣੇ ਕੀਤੇ ਕੰਮ 'ਤੇ ਸ਼ਰਮਿੰਦਗੀ ਮਹਿਸੂਸ ਹੋਵੇ। ਬੀਤੇ ਹਫ਼ਤੇ ਇਸ ਦੇ ਅਧੀਨ ਯੌਰਕ ਰੀਜਨਲ ਪੁਲਿਸ ਵੱਲੋਂ 16 ਬੰਦਿਆਂ ਦੀ ਪਹਿਲੀ ਸੂਚੀ ਵੀ ਜਾਰੀ ਕੀਤੀ ਗਈ ਹੈ।
ਪੁਲਿਸ ਕਾਂਸਟੇਬਲ ਐਂਡੀ ਪੈਟੰਡਨ ਦਾ ਕਹਿਣਾ ਹੈ ਕਿ ਜਿਹੜੇ ਡਰਾਈਵਰ ਸ਼ਰਾਬ ਪੀ ਕੇ ਜਾਂ ਨਸ਼ਾ ਕਰਕੇ ਕਾਰ ਚਲਾਉਂਦੇ ਹਨ ਉੁਨ੍ਹਾਂ ਨੂੰ ਸ਼ਰਮ ਆਉਣੀ ਚਾਹਿਦੀ ਹੈ। ਐਂਡੀ ਨੇ ਸਾਲ 2015 ਵਿੱਚ ਹੋਏ ਭਿਆਨਕ ਸੜਕ ਹਾਦਸੇ ਦਾ ਜ਼ਿਕਰ ਵੀ ਕੀਤਾ ਜਿਸ ਵਿਚ ਨਸ਼ੇ ਨਾਲ ਰੱਜੇ ਹੋਏ ਮਾਰਕੋ ਮੂਜ਼ੋ ਦੀ ਕਾਰ ਨਾਲ ਟਕਰਾਉਣ ਕਰਕੇ ਤਿੰਨ ਬੱਚਿਆਂ ਅਤੇ ਉਨ੍ਹਾਂ ਦੇ ਨਾਨੇ ਦੀ ਮੌਤ ਹੋ ਗਈ ਸੀ।