ਮਹਿਤਾਬ-ਉਦ-ਦੀਨ
ਚੰਡੀਗੜ੍ਹ/ਟੋਰਾਂਟੋ: ਕੈਨੇਡਾ ’ਚ ਹੁਣ ‘ਡਬਲ ਮਿਊਟੈਂਟ’ ਕੋਵਿਡ (SARS-CoV-2 ਵਾਇਰਸ) ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ ਤੇ ਇਸ ਦੇਸ਼ ਵਿੱਚ ਅਜਿਹਾ ਸਭ ਤੋਂ ਵੱਧ ਯੋਗਦਾਨ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਤੋਂ ਆਉਣ ਵਾਲੀਆਂ ਉਡਾਣਾਂ ਪਾ ਰਹੀਆਂ ਹਨ। ਇਸ ਸਬੰਧੀ ‘ਟੋਰਾਂਟੋ ਸਨ’ ਵੱਲੋਂ ਬ੍ਰਾਇਨ ਪੈਸੀਫ਼ਿਊਮ ਦੀ ਵਿਸਤ੍ਰਿਤ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਵਿੱਚ ਬਾਕਾਇਦਾ ਸਾਰੇ ਅੰਕੜੇ ਦਿੱਤੇ ਗਏ ਹਨ। ਸੂਤਰਾਂ ਅਨੁਸਾਰ ਕੈਨੇਡਾ ਸਰਕਾਰ ਹੁਣ ਅਜਿਹੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਉੱਤੇ ਪਾਬੰਦੀ ਵੀ ਲਾ ਸਕਦੀ ਹੈ ਪਰ ਹਾਲੇ ਤੱਕ ਕਿਸੇ ਸਰਕਾਰੀ ਅਧਿਕਾਰੀ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ।
ਬੀਤੀ 21 ਮਾਰਚ ਤੋਂ ਲੈ ਕੇ 6 ਅਪ੍ਰੈਲ ਤੱਕ 121 ਫ਼ਲਾਈਟਾਂ ਅਜਿਹੀਆਂ ਟੋਰਾਂਟੋ ਪੁੱਜੀਆਂ ਹਨ, ਜਿਨ੍ਹਾਂ ਵਿੱਚ ਕੋਵਿਡ ਦੇ ਮਰੀਜ਼ ਸਨ। ਉਨ੍ਹਾਂ ਵਿੱਚੋਂ 42 ਉਡਾਣਾਂ ਇਕੱਲੇ ਦਿੱਲੀ ਤੋਂ ਆਈਆਂ ਸਨ। ਕੈਨੇਡੀਅਨ ਸਿਹਤ ਮਾਹਿਰਾਂ ਅਨੁਸਾਰ ਕੋਵਿਡ ਦੀ B.1.617 ਕਿਸਮ ਦੇ ਮਰੀਜ਼ ਭਾਰਤ ’ਚ ਵੱਡੇ ਪੱਧਰ ਉੱਤੇ ਫੈਲ ਰਹੇ ਹਨ। ਉੱਧਰ ਸਟੈਨਫ਼ੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਅਮਰੀਕਾ ਦੇ ਸਾਨ ਫ਼੍ਰਾਂਸਿਸਕੋ ਬੇਅ ਇਲਾਕੇ ਵਿੱਚ ਵੀ B.1.617 ਦੇ ਪੰਜ ਮਾਮਲਿਆਂ ਦਾ ਪਤਾ ਲਾਇਆ ਹੈ। ਉੱਤਰੀ ਅਮਰੀਕਾ ਵਿੱਚ ਅਜਿਹੇ ਪਹਿਲੇ ਮਾਮਲੇ ਸਨ।
ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਮੰਕ ਸਕੂਲ ਆਫ਼ ਗਲੋਬਲ ਅਫ਼ੇਅਰਜ਼ ਐਂਡ ਪਬਲਿਕ ਪਾਲਿਸੀ ਦੇ ਐਸੋਸੀਏਟ ਪ੍ਰੋਫ਼ੈਸਰ ਰਾਜੀ ਜਯਾਰਮਨ ਨੇ ਕਿਹਾ ਕਿ ਭਾਰਤ ਨੇ ਦਰਅਸਲ, ਬਿਨਾ ਕਿਸੇ ਠੋਸ ਯੋਜਨਾ ਦੇ ਆਪਣੀ ਅਰਥਵਿਵਸਥਾ ਨੂੰ ਮੁੜ ਖੋਲ੍ਹ ਦਿੱਤਾ ਹੈ; ਜਿਸ ਕਾਰਣ ਮਹਾਮਾਰੀ ਦੇ ਮਾਮਲੇ ਵਧਣ ਲੱਗ ਪਏ ਹਨ। ਕੈਨੇਡਾ ਵਿੱਚ ਕੋਵਿਡ-19 ਦੇ ਮਾਮਲੇ ਜਦੋਂ ਵਧਣ ਲੱਗੇ, ਉਨ੍ਹਾਂ ਹੀ ਦਿਨਾਂ ਵਿੱਚ ਭਾਰਤ ਤੋਂ ਉਡਾਣਾਂ ਦੀ ਗਿਣਤੀ ਵੀ ਵਧਣ ਲੱਗ ਪਈ ਸੀ। ਇਸੇ ਲਈ ਹੁਣ ਕੈਨੇਡਾ ਵਿੱਚ ਇਸ ਵਾਇਰਸ ਦੀ ਲਾਗ ਦੇ ਫੈਲਣ ਦਾ ਕਾਰਣ ਵੀ ਉਨ੍ਹਾਂ ਫ਼ਲਾਈਟਾਂ ਨਾਲ ਹੀ ਜੋੜ ਕੇ ਵੇਖਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ 4 ਫ਼ਰਵਰੀ ਤੋਂ ਲੈ ਕੇ 14 ਫ਼ਰਵਰੀ ਤੱਕ ਟੋਰੰਟੋ ’ਚ 13 ਉਡਾਣਾਂ ਦਿੱਲੀ ਤੋਂ ਲੈਂਡ ਕੀਤੀਆਂ ਸਨ ਪਰ 4 ਮਾਰਚ ਤੋਂ ਲੈ ਕੇ 20 ਮਾਰਚ ਤੱਕ 21 ਉਡਾਣਾਂ ਇੱਥੇ ਉੱਤਰੀਆਂ; ਜਦ ਕਿ 21 ਮਾਰਚ ਤੋਂ ਲੈ ਕੇ 1 ਅਪ੍ਰੈਲ ਤੱਕ 23 ਉਡਾਣਾਂ ਟੋਰਾਂਟੋ ਪੁੱਜੀਆਂ। ਭਾਰਤ ਸਰਕਾਰ ਨੇ ਭਾਵੇਂ ਪਿਛਲੇ ਮਹੀਨੇ ਕੌਮਾਂਤਰੀ ਉਡਾਣਾਂ ਉੱਤੇ ਪਾਬੰਦੀ ਲਾਈ ਸੀ ਪਰ ਕੈਨੇਡਾ ਉਨ੍ਹਾਂ 13 ਦੇਸ਼ਾਂ ਵਿੱਚੋਂ ਇੱਕ ਹੈ, ਜਿਸ ਨੂੰ ‘ਏਅਰ ਬ੍ਰਿਜ’ ਵਿਵਸਥਾ ਅਧੀਨ ਛੋਟ ਹੈ ਅਤੇ ਇਸੇ ਲਈ ਏਅਰ ਕੈਨੇਡਾ ਤੇ ਏਅਰ ਇੰਡੀਆ ਦੀਆਂ ਉਡਾਣਾਂ ਚੱਲ ਰਹੀਆਂ ਹਨ।
ਰਿਪੋਰਟ ਅਨੁਸਾਰ ਦਿੱਲੀ ਤੋਂ ਕੈਨੇਡਾ ਆਉਣ ਵਾਲੀਆਂ ਸਾਰੀਆਂ ਉਡਾਣਾਂ ਯਾਤਰੀਆਂ ਨਾਲ ਪੂਰੀ ਤਰ੍ਹਾਂ ਭਰੀਆਂ ਹੁੰਦੀਆਂ ਹਨ। ਵੀਰਵਾਰ ਦੀ ਸਵੇਰ ਨੂੰ ਦਿੱਲੀ ਤੋਂ ਬੋਇੰਗ 777 ਦੀ AC 43 ਉਡਾਣ 364 ਯਾਤਰੀਆਂ ਨੂੰ ਲੈ ਕੇ ਟੋਰਾਂਟੋ ਉੱਤਰੀ ਸੀ। ਇਹ ਵੀ ਦੱਸ ਦੇਈਏ ਕਿ ਦਸੰਬਰ 2020 ’ਚ ਕੈਨੇਡਾ ਨੇ ਇੰਗਲੈਂਡ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ਉੱਤੇ ਪਾਬੰਦੀ ਲਾ ਦਿੱਤੀ ਸੀ। ਦਰਅਸਲ, ਤਦ ਕੋਵਿਡ ਦਾ B.1.1.7 ਵੇਰੀਐਂਟ ਇੰਗਲੈਂਡ ’ਚ ਵਧਣ ਲੱਗ ਪਿਆ ਸੀ।
ਕੈਨੇਡਾ 'ਚ ਦਿੱਲੀ ਤੋਂ ਜਾਂਦੀਆਂ ਉਡਾਣਾਂ 'ਤੇ ਪਾਬੰਦੀ ਦੀ ਤਿਆਰੀ! ਤਾਜ਼ਾ ਰਿਪੋਰਟ ਨੇ ਉਡਾਏ ਹੋਸ਼
ਏਬੀਪੀ ਸਾਂਝਾ
Updated at:
11 Apr 2021 03:37 PM (IST)
ਕੈਨੇਡਾ ’ਚ ਹੁਣ ‘ਡਬਲ ਮਿਊਟੈਂਟ’ ਕੋਵਿਡ (SARS-CoV-2 ਵਾਇਰਸ) ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ ਤੇ ਇਸ ਦੇਸ਼ ਵਿੱਚ ਅਜਿਹਾ ਸਭ ਤੋਂ ਵੱਧ ਯੋਗਦਾਨ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਤੋਂ ਆਉਣ ਵਾਲੀਆਂ ਉਡਾਣਾਂ ਪਾ ਰਹੀਆਂ ਹਨ।
ਕੈਨੇਡਾ 'ਚ ਦਿੱਲੀ ਤੋਂ ਜਾਂਦੀਆਂ ਉਡਾਣਾਂ 'ਤੇ ਪਾਬੰਦੀ ਦੀ ਤਿਆਰੀ! ਤਾਜ਼ਾ ਰਿਪੋਰਟ ਨੇ ਉਡਾਏ ਹੋਸ਼
NEXT
PREV
Published at:
11 Apr 2021 03:37 PM (IST)
- - - - - - - - - Advertisement - - - - - - - - -