ਚੰਡੀਗੜ੍ਹ: ਜੰਮੂ-ਕਸ਼ਮੀਰ ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਦੇ ਚੱਲਦਿਆਂ ਚੀਨ ਨੇ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਉਡਾਣ ਭਰਨ ਵਾਲੀਆਂ ਆਪਣੀਆਂ ਸਾਰੀਆਂ ਕੌਮਾਂਤਰੀ ਉਡਾਣਾਂ ਦੇ ਰਾਹ ਬਦਲ ਲਏ ਹਨ। ਚੀਨ ਦੇ ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ।

ਉੱਧਰ ਬੀਜਿੰਗ ਦੇ ਕੌਮਾਂਤਰੀ ਹਵਾਈ ਅੱਡੇ ਨੇ ਬੁੱਧਵਾਰ ਤੇ ਵੀਰਵਾਰ ਨੂੰ ਪਾਕਿਸਤਾਨ ਆਉਣ ਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਸ਼ੁੱਕਰਵਾਰ ਨੂੰ ਉਡਾਣ ਭਰਨ ਵਾਲੀਆਂ ਉਡਾਣਾਂ ਦਾ ਵੀ ਸ਼ਡਿਊਲ ਨਹੀਂ ਪਤਾ ਸੀ। ਦੱਸ ਦੇਈਏ ਕਿ ਹਰ ਹਫ਼ਤੇ 22 ਉਡਾਣਾਂ ਪਾਕਿਸਤਾਨ ਆਉਣ-ਜਾਣ ਕਰਦੀਆਂ ਹਨ। ਇਸ ਵਿੱਚ ਏਅਰ ਚਾਈਨਾ ਦੀਆਂ ਦੋ ਤੇ ਪਾਕਿਸਤਾਨ ਦੀ ਇੰਟਰਨੈਸ਼ਨਲ ਏਅਰਪੋਰਟ ਦੀਆਂ ਹੋਰ ਉਡਾਣਾਂ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਹਵਾਈ ਖੇਤਰ ਬੰਦ ਕੀਤੇ ਜਾਣ ਦੀ ਵਜ੍ਹਾ ਕਰਕੇ ਯੂਰੋਪ ਤੇ ਉੱਤਰ ਪੂਰਬੀ ਏਸ਼ੀਆ ਵਿਚਾਲੇ ਦੇ ਮੁੱਖ ਰੂਟ ਪ੍ਰਭਾਵਿਤ ਹੋਏ ਹਨ। ਇਸ ਕਰਕੇ ਦੁਨੀਆ ਭਰ ਦੇ ਹਜ਼ਾਰਾਂ ਯਾਤਰੀ ਹਵਾਈ ਅੱਡਿਆਂ ’ਤੇ ਫਸੇ ਹੋਏ ਹਨ। ਮੱਧ ਪੂਰਬ ਤੋਂ ਉਡਾਣ ਭਰਨ ਵਾਲੇ ਜਹਾਜ਼ ਆਮ ਤੌਰ ’ਤੇ ਪਾਕਿਸਤਾਨ-ਭਾਰਤ ਦੀ ਸਰਹੱਦ ਦੇ ਉੱਤੋਂ ਦੀ ਉਡਾਣ ਭਰਦੇ ਹਨ। ਪਰ ਚੀਨ ਵਿੱਚ ਦਾਖ਼ਲ ਹੋਣ ਲਈ ਭਾਰਤ, ਮਿਆਂਮਾਰ ਜਾਂ ਮੱਧ ਏਸ਼ੀਆ ’ਤੇ ਰੀ-ਰੂਟ (ਦਿਸ਼ਾ ਬਦਲਣਾ) ਕਰਨਾ ਪੈ ਰਿਹਾ ਹੈ।