ਸ਼ੰਘਾਈ- ਚੀਨ ਨੇ ਕਿਹਾ ਹੈ ਕਿ ਉਹ ਯੂ ਐਨ ਸਕਿਓਰਟੀ ਕੌਂਸਲ ਦੇ ਹੁਕਮ ਮੁਤਾਬਕ ਉੱਤਰੀ ਕੋਰੀਆ ਨੂੰ ਕੁਝ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ ਬੰਦ ਕਰੇਗਾ। ਨਾਲ ਹੀ ਉਥੋਂ ਟੈਕਸਟਾਈਲ ਉਤਪਾਦ ਦੀ ਇੰਪੋਰਟ ਵੀ ਬੰਦ ਕਰੇਗਾ। ਤਿੰਨ ਸਤੰਬਰ ਨੂੰ ਹਾਈਡਰੋਜਨ ਬੰਬ ਦੀ ਪਰਖ ਹੋਣ ਤੋਂ ਬਾਅਦ ਸੁਰੱਖਿਆ ਕੌਂਸਲ ਨੇ ਉੱਤਰੀ ਕੋਰੀਆ ‘ਤੇ ਨਵੀਂ ਪਾਬੰਦੀ ਲਗਾਈ ਸੀ। ਇਸ ਦੌਰਾਨ ਚੀਨ ਨੇ ਜਾਪਾਨ ਨੂੰ ਕਿਹਾ ਹੈ ਕਿ ਉਹ ਉੱਤਰੀ ਕੋਰੀਆ ਨਾਲ ਗੱਲ ਕਰ ਕੇ ਸੰਬੰਧਾਂ ‘ਚ ਬਣੇ ਰੇੜਕੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ।

ਚੀਨ ਦੇ ਵਪਾਰ ਮੰਤਰਾਲੇ ਨੇ ਵੈਬਸਾਈਟ ‘ਤੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਮਨਾਹੀ ਵਾਲੇ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ ਹੁਣ ਤੋਂ ਬੰਦ ਕਰ ਦਿੱਤੀ ਗਈ ਹੈ। ਉੱਤਰੀ ਕੋਰੀਆ ਤੋਂ ਟੈਕਸਟਾਈਲ ਉਤਪਾਦਾਂ ਦੀ ਇੰਪੋਰਟ ਵੀ ਰੋਕ ਦਿੱਤੀ ਗਈ ਹੈ, ਪਰ ਜਿਨ੍ਹਾਂ ਟੈਕਸਟਾਈਲ ਉਤਪਾਦਾਂ ਦੀ ਇੰਪੋਰਟ ‘ਤੇ 11 ਸਤੰਬਰ ਤੋਂ ਪਹਿਲਾਂ ਸਮਝੌਤਾ ਹੋ ਚੁੱਕਾ ਹੈ, ਉਨ੍ਹਾਂ ਨੂੰ 10 ਦਸੰਬਰ ਤੱਕ ਪੂਰਾ ਕੀਤਾ ਜਾਵੇਗਾ। ਇਸ ਤੋਂ ਬਾਅਦ ਉੱਤਰੀ ਕੋਰੀਆ ਤੋਂ ਕਿਸੇ ਤਰ੍ਹਾਂ ਦਾ ਸਾਮਾਨ ਨਹੀਂ ਲਿਆ ਜਾਵੇਗਾ।

ਜ਼ਿਕਰ ਯੋਗ ਹੈ ਕਿ ਚੀਨ ਨੇ ਉੱਤਰੀ ਕੋਰੀਆ ਤੋਂ ਕੋਲੇ ਦੀ ਇੰਪੋਰਟ ਪਹਿਲਾਂ ਹੀ ਬੰਦ ਕਰ ਰੱਖੀ ਹੈ। ਸੁਰੱਖਿਆ ਕੌਂਸਲ ਵਿੱਚ ਅਮਰੀਕਾ ਤੇ ਜਾਪਾਨ ਵੱਲੋਂ ਪਾਬੰਦੀ ਤਜਵੀਜ਼ ਦੀ ਚੀਨ ਸਮੇਤ ਸਾਰੇ 13 ਦੇਸ਼ਾਂ ਨੇ ਹਮਾਇਤ ਕੀਤੀ ਸੀ। ਪਾਬੰਦੀਆਂ ਤੋਂ ਪਹਿਲਾਂ ਉੱਤਰੀ ਕੋਰੀਆ ਦਾ ਚੀਨ ਨਾਲ ਨੱਬੇ ਫੀਸਦੀ ਕਾਰੋਬਾਰ ਹੁੰਦਾ ਸੀ। ਇਸ ਦੌਰਾਨ ਰੂਸ ਨੇ ਅਮਰੀਕਾ ਤੇ ਉੱਤਰੀ ਕੋਰੀਆ ਦੇ ਨੇਤਾਵਾਂ ਨੂੰ ਬਿਆਨਾਂ ਵਿੱਚ ਸੰਜਮ ਵਰਤਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਦੋਵੇਂ ਨੇਤਾ ਛੋਟੇ ਸਕੂਲੀ ਬੱਚਿਆਂ ਦੀ ਭਾਸ਼ਾ ਬੋਲਣਾ ਬੰਦ ਕਰਨ।

ਯੂ ਐਨ ਜਨਰਲ ਅਸੈਂਬਲੀ ਵਿੱਚ ਦਿੱਤੇ ਆਪਣੇ ਭਾਸ਼ਣ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਡ ਨੇ ਉਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਟਰੰਪ ਨੂੰ ਪਾਗਲ ਕਿਹਾ ਸੀ। ਜਵਾਬ ਵਿੱਚ ਟਰੰਪ ਨੇ ਕਿਮ ਜੋਂਗ ਨੂੰ ਪਾਗਲ ਦੱਸਿਆ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਈ ਨੇ ਜਾਪਾਨੀ ਵਿਦੇਸ਼ ਮੰਤਰੀ ਨੂੰ ਉੱਤਰੀ ਕੋਰੀਆ ਨਾਲ ਗੱਲਬਾਤ ਸ਼ੁਰੂ ਕਰਨ ਦੀ ਸਲਾਹ ਦਿੱਤੀ ਹੈ। ਦੋਵਾਂ ਦੇਸ਼ਾਂ ਦੇ ਰਿਸ਼ਤੇ ਇਸ ਸਮੇਂ ਬੜੇ ਤਲਖ ਹਨ। ਉੱਤਰੀ ਕੋਰੀਆ ਨੇ ਜਾਪਾਨ ਨੂੰ ਐਟਮੀ ਹਮਲੇ ਨਾਲ ਡੁਬੋ ਦੇਣ ਦੀ ਧਮਕੀ ਵੀ ਦਿੱਤੀ ਹੈ।