ਨਵੀਂ ਦਿੱਲੀ : ਦੇਸ਼ 'ਚ ਕੋਰੋਨਾ (Corona) ਦੇ ਮਰੀਜ਼ਾਂ ਦੀ ਘੱਟ ਰਹੀ ਗਿਣਤੀ ਰਾਹਤ ਵਾਲੀ ਗੱਲ ਹੋ ਸਕਦੀ ਹੈ ਪਰ ਵਿਸ਼ਵ ਸਿਹਤ ਸੰਗਠਨ (WHO) ਦੀ ਨਵੀਂ ਚਿਤਾਵਨੀ ਨੇ ਪੂਰੀ ਦੁਨੀਆ ਦੇ ਦਿਲਾਂ ਦੀ ਧੜਕਣ ਤੇਜ਼ ਕਰ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ (Soumya Swaminathan) ਨੇ ਚੇਤਾਵਨੀ ਦਿੱਤੀ ਹੈ ਕਿ ਜੋ ਲੋਕ ਇਹ ਮੰਨ ਕੇ ਬੈਠੇ ਹਨ ਕਿ ਕੋਰੋਨਾ ਮਹਾਮਾਰੀ ਹੁਣ ਖਤਮ ਹੋ ਗਈ ਹੈ, ਉਹ ਸਹੀ ਨਹੀਂ ਹਨ। ਉਨ੍ਹਾਂ ਕਿਹਾ, ਕੋਵਿਡ ਮਹਾਮਾਰੀ ਅਜੇ ਦੁਨੀਆ 'ਚ ਖਤਮ ਨਹੀਂ ਹੋਈ ਹੈ ਅਤੇ ਦੁਨੀਆ 'ਚ ਹੋਰ ਵੀ ਕਈ ਰੂਪ ਆਉਣੇ ਬਾਕੀ ਹਨ। 

 

ਇਸ ਸਮੇਂ ਕੋਈ ਵੀ ਦੇਸ਼ ਇਹ ਨਹੀਂ ਕਹਿ ਸਕਦਾ ਕਿ ਕੋਰੋਨਾ ਮਹਾਮਾਰੀ ਪੂਰੀ ਤਰ੍ਹਾਂ ਖਤਮ ਹੋ ਗਈ ਹੈ। ਇਹ ਵੀ ਨਹੀਂ ਕਿਹਾ ਜਾ ਸਕਦਾ ਹੈ ਕਿ ਕੋਰੋਨਾ ਮਹਾਮਾਰੀ ਕਦੋਂ ਖਤਮ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਕੋਰੋਨਾ ਦੇ ਖਾਤਮੇ ਦੀ ਗੱਲ ਕਰਨਾ ਮੂਰਖਤਾ ਹੋਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਡੈਲਟਾ ਤੋਂ ਬਾਅਦ ਓਮੀਕਰੋਨ ਵੇਰੀਐਂਟ ਨੇ ਤਬਾਹੀ ਮਚਾਈ ਹੈ, ਉਸ ਦੇ ਹੋਰ ਕੋਰੋਨਾ ਵੇਰੀਐਂਟ ਆਉਣੇ ਬਾਕੀ ਹਨ।

 

ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਕਿਹਾ, ਕੋਰੋਨਾ ਦਾ ਨਵਾਂ ਰੂਪ ਕਿਤੇ ਵੀ, ਕਿਸੇ ਵੀ ਸਮੇਂ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮੁੜ  ਕੇ ਚੌਰਾਹੇ ਦੇ ਉਸੇ ਕੋਨੇ 'ਤੇ ਪਹੁੰਚ ਸਕਦੇ ਹਾਂ ,ਜਿੱਥੋਂ ਸ਼ੁਰੂ ਹੋਏ ਸੀ। ਇਸ ਲਈ ਅੱਜ ਵੀ ਪਹਿਲਾਂ ਵਾਂਗ ਪੂਰਾ ਧਿਆਨ ਰੱਖਣ ਦੀ ਲੋੜ ਹੈ। ਬਲੂਮਬਰਗ 'ਚ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ, ਜਦੋਂ ਦੁਨੀਆ 'ਚ ਕੋਰੋਨਾ ਦੇ ਅੰਕੜੇ ਸਿਰਫ 100 ਸਨ, ਉਦੋਂ ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਜਾਰੀ ਕੀਤੀ ਸੀ। ਉਸ ਸਮੇਂ ਕਿਸੇ ਨੇ ਵੀ ਸਾਡੀ ਚੇਤਾਵਨੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜੇਕਰ ਸਾਰੇ ਦੇਸ਼ਾਂ ਨੇ ਉਸ ਸਮੇਂ ਲੋੜੀਂਦੇ ਕਦਮ ਚੁੱਕੇ ਹੁੰਦੇ ਤਾਂ ਇੰਨਾ ਵੱਡਾ ਨੁਕਸਾਨ ਨਾ ਹੋਣਾ ਸੀ।

 

ਅਸੀਂ ਦੇਖਿਆ ਹੈ ਕਿ ਕਿਵੇਂ ਕੋਰੋਨਾ ਨੇ ਅਮਰੀਕਾ ਅਤੇ ਯੂਰਪ ਵਿਚ ਤਬਾਹੀ ਮਚਾਈ ਹੈ। ਅਜਿਹੀ ਸਥਿਤੀ ਵਿੱਚ ਸਾਡੀ ਛੋਟੀ ਜਿਹੀ ਅਣਗਹਿਲੀ ਇੱਕ ਵਾਰ ਫਿਰ ਭਿਆਨਕ ਦੌਰ ਨੂੰ ਵਾਪਸ ਲਿਆ ਸਕਦੀ ਹੈ। ਸਾਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਅਫਰੀਕੀ ਦੇਸ਼ਾਂ ਦੀ 85% ਆਬਾਦੀ ਨੂੰ ਅਜੇ ਵੀ ਕੋਰੋਨਾ ਵੈਕਸੀਨ ਦੀ ਇੱਕ ਵੀ ਖੁਰਾਕ ਨਹੀਂ ਮਿਲੀ ਹੈ। ਇਹ ਸਥਿਤੀ ਕੋਰੋਨਾ ਦੇ ਨਵੇਂ ਰੂਪਾਂ ਦੇ ਫੈਲਣ ਵਿੱਚ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ।