ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਕਾਰਨ ਜਾਨ ਗਵਾਉਣ ਵਾਲਿਆਂ ਦਾ ਅੰਕੜਾ ਸ਼ਨੀਵਾਰ ਨੂੰ 30 ਲੱਖ ਤੋਂ ਪਾਰ ਹੋ ਗਿਆ। ਇਹ ਅੰਕੜਾ ਕੀਵ, ਕਾਰਕਾਸ ਅਤੇ ਲਿਸਬਨ ਜਿਹੇ ਸ਼ਹਿਰਾਂ ਦੀ ਕੁੱਲ ਆਬਾਦੀ ਦੇ ਬਰਾਬਰ ਹੈ। ਦੁਨੀਆ ਵਿੱਚ ਰੋਜ਼ਾਨਾ ਔਸਤਨ 12,000 ਮੌਤਾਂ ਹੋ ਰਹੀਆਂ ਹਨ ਅਤੇ 7,00,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।


ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ 30 ਲੱਖ ਤੋਂ ਵੱਧ ਹੋ ਗਈ ਹੈ। ਭਾਰਤ, ਬ੍ਰਾਜ਼ੀਲ ਅਤੇ ਫਰਾਂਸ ਜਿਹੇ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਸੰਕਟ ਵਧਦਾ ਹੀ ਜਾ ਰਿਹਾ ਹੈ ਅਤੇ ਪੂਰੀ ਦੁਨੀਆ ਵਿੱਚ ਟੀਕਾਕਰਨ ਵਿੱਚ ਅੜਿੱਚਣਾ ਆ ਰਹੀਆਂ ਹਨ।


ਜਾਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ, ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਕੀਵ (ਯੂਕਰੇਨ), ਕਾਰਕਾਸ (ਵੇਨੇਜ਼ੁਏਲਾ) ਜਾਂ ਮਹਾਂਨਗਰ ਲਿਸਬਨ (ਪੁਰਤਗਾਲ) ਦੀ ਜਨਸੰਖਿਆ ਦੇ ਬਰਾਬਰ ਹੈ। ਇਹ ਗਿਣਤੀ ਤਾਂ ਅਮਰੀਕਾ ਦੇ ਸ਼ਿਕਾਗੋ ਤੋਂ ਵੱਧ ਅਤੇ ਫਿਲਾਡੇਲਫਿਆ ਅਤੇ ਡਲਾਸ ਦੀ ਕੁੱਲ ਆਬਾਦੀ ਦੇ ਬਰਾਬਰ ਹੈ। ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਵੀ ਹੋ ਸਕਦੀ ਹੈ ਕਿਉਂਕਿ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਸਰਕਾਰਾਂ ਨੇ ਅੰਕੜੇ ਲੁਕਾਏ ਹੋਣ ਜਾਂ ਸਾਲ 2019 ਦੇ ਅੰਤ ਵਿੱਚ ਵੁਹਾਨ ਤੋਂ ਵਾਇਰਸ ਦੇ ਸ਼ੁਰੂਆਤੀ ਦੌਰ ਵਿੱਚ ਕਈ ਮਾਮਲੇ ਲੁਕਾਏ ਗਏ ਹੋਣ।


ਵਾਇਰਸ ਨੂੰ ਕਾਬੂ ਕਰਨ ਲਈ ਵੱਖ-ਵੱਖ ਰਣਨੀਤੀਆਂ


ਦੁਨੀਆ ਭਰ ਵਿੱਚ ਵਾਇਰਸ ਦੀ ਲਾਗ ਨੂੰ ਘਟਾਉਣ ਅਤੇ ਕਾਬੂ ਕਰਨ ਲਈ ਸਾਰੇ ਦੇਸ਼ ਵੱਖ-ਵੱਖ ਤਰੀਕੇ ਲਾਗੂ ਕਰ ਰਹੇ ਹਨ। ਅਮਰੀਕਾ ਅਤੇ ਬ੍ਰਿਟੇਨ ਨੇ ਲੋਕਾਂ ਦੀ ਜਾਨ ਬਚਾਉਣ ਲਈ ਟੀਕਾਕਰਨ ਮੁਹਿੰਮ ਤੇਜ਼ ਕਰ ਦਿੱਤੀ ਹੈ ਜਦਕਿ ਫਰਾਂਸ ਅਤੇ ਭਾਰਤ ਵਿੱਚ ਵੈਕਸੀਨੇਸ਼ਨ ਪਛੜੀ ਹੋਈ ਹੈ ਅਤੇ ਤਾਲਾਬੰਦੀ ਅਤੇ ਰੋਕਾਂ ਲਾਈਆਂ ਜਾ ਰਹੀਆਂ ਹਨ।


ਸੰਸਾਰ ਵਿੱਚ ਰੋਜ਼ਾਨਾ 12,000 ਮੌਤਾਂ


ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿੱਚ ਹਰ ਦਿਨ ਔਸਤਨ 12,000 ਮੌਤਾਂ ਹੋ ਰਹੀਆਂ ਹਨ ਅਤੇ 7,00,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਕੱਲੇ ਅਮਰੀਕਾ ਵਿੱਚ ਹੀ 5,60,000 ਮੌਤਾਂ ਹੋ ਚੁੱਕੀਆਂ ਹਨ। ਵਿਸ਼ਵ ਵਿੱਚ ਕੋਵਿਡ-19 ਨਾਲ ਹੋਈਆਂ ਹਰ ਛੇ ਮੌਤਾਂ ਵਿੱਚੋਂ ਇੱਕ ਅਮਰੀਕਾ ਵਿੱਚ ਹੋਈ ਹੈ। ਇਸ ਤੋਂ ਬਾਅਦ ਬ੍ਰਾਜ਼ੀਲ, ਮੈਕਸਿਕੋ, ਭਾਰਤ ਅਤੇ ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਕਾਰਨ ਮੌਤਾਂ ਹੋਈਆਂ ਹਨ।


ਕਈ ਟੀਕੇ ਵੀ ਬਣੇ ਲੋਕਾਂ ਦੀ ਜਾਨ ਦਾ ਖੌਅ


ਅਮਰੀਕਾ ਨੇ ਇਸੇ ਮਹੀਨੇ ਜੌਨਸਨ ਐਂਡ ਜੌਨਸਨ ਦੀ ਕੋਵਿਡ-19 ਵੈਕਸੀਨ ਦੀ ਵਰਤੋਂ ਨੂੰ ਆਰਜ਼ੀ ਤੌਰ 'ਤੇ ਰੋਕ ਲਾਈ ਹੈ ਕਿਉਂਕਿ ਇਸ ਨਾਲ ਖ਼ੂਨ ਜੰਮਣ ਦੀ ਸ਼ਿਕਾਇਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕੁਝ ਯੂਰਪੀ ਦੇਸ਼ਾਂ ਨੇ ਵੀ ਇਸ ਦੀ ਵਰਤੋਂ ਨੂੰ ਰੋਕ ਦਿੱਤਾ ਹੈ। ਖ਼ੂਨ ਜੰਮਣ ਦੀਆਂ ਖ਼ਬਰਾਂ ਮਗਰੋਂ ਕੁਝ ਦੇਸ਼ਾਂ ਨੇ ਐਸਟ੍ਰਾਜ਼ੇਨੇਕਾ ਵੈਕਸੀਨ ਦੀ ਵਰਤੋਂ 'ਤੇ ਵੀ ਰੋਕ ਲਾਈ ਹੈ।