ਚੰਡੀਗੜ੍ਹ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫਰਵਰੀ, 2018 ਦੀ ਭਾਰਤ ਫੇਰੀ ਹਾਲੇ ਤਕ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੀ। ਸਰਕਾਰੀ ਫੰਡਿਗ ਵਾਲ ਚੱਲਣ ਵਾਲੇ ਪਬਲਿਕ ਬਰਾਡਕਾਸਟਰ ਰੇਡੀਓ ਕੈਨੇਡਾ ਨੇ ਪੀਐਮ ਟਰੂਡੋ ਦੇ ਭਾਰਤ ਦੌਰੇ ਨਾਲ ਸਬੰਧਤ ਪ੍ਰੋਗਰਾਮ ਬਣਾਉਂਦਿਆਂ ਆਪਣੇ ਹੀ ਪੀਐਮ ਦੀ ਤਾਂ ਖਿੱਲੀ ਉਡਾਈ ਹੀ, ਇਸ ਦੇ ਨਾਲ ਹੀ ਉਨ੍ਹਾਂ ਭਾਰਤ ਦੀ ਸੰਸਕ੍ਰਿਤੀ ਦਾ ਵੀ ਮਜ਼ਾਕ ਉਡਾਇਆ। ਇਸ ਕੰਮ ਲਈ ਦੇਸ਼ ਭਰ ਵਿੱਚ ਰੇਡੀਓ ਕੈਨੇਡਾ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਇਸ ਨੂੰ ਨਸਲਭੇਦੀ ਵੀ ਕਿਹਾ ਜਾ ਰਿਹਾ ਹੈ। ਰੇਡੀਓ ਕੈਨੇਡਾ ਨੇ ਇਹ ਪ੍ਰੋਗਰਾਮ ਨਵੇਂ ਸਾਲ ਮੌਕੇ ਆਪਣੇ ਟੀਵੀ ਚੈਨਲ ’ਤੇ ਦਿਖਾਇਆ ਸੀ। ਇਸ ਦਾ ਪ੍ਰਸਾਰਣ ਹੁੰਦਿਆਂ ਹੀ ਵਿਵਾਦ ਭਖ ਗਿਆ ਸੀ।



ਇਸ ਪ੍ਰੋਗਰਾਮ ਦੇ ਸ਼ੁਰੂ ਵਿੱਚ ਹੀ ਟਰੂਡੋ ਦੀ ਭੂਮਿਕਾ ਵਿੱਚ ਇੱਕ ਕਲਾਕਾਰ ਕਲਪਨਾ ਦੀ ਦੁਨੀਆ ਵਿੱਚ ਚਲਾ ਜਾਂਦਾ ਹੈ। ਇਸ ਤੋਂ ਬਾਅਦ ਉਹ ਭਾਰਤੀ ਕੱਪੜੇ ਪਾ ਕੇ ਬੀਨ ਵਜਾਉਂਦਿਆਂ ਸੁਪੇਰੇ ਦੀ ਭੂਮਿਕਾ ਵਿੱਚ ਨਜ਼ਰ ਆਉਂਦਾ ਹੈ। ਇਕ ਸੀਨ ਵਿੱਚ ਉਹ ਬਾਲੀਵੁਡ ਡਾਂਸਰਾ ਨਾਲ ਅਜੀਬ ਮੂੰਹ ਬਣਾ ਕੇ ਡਾਂਸ ਕਰਦਾ ਦਿੱਸਦਾ ਹੈ। ਇਸ ਦੇ ਨਾਲ ਹੀ ਇੱਕ ਸੀਨ ਵਿੱਚ ਭਾਰਤੀ ਮਾਹੌਲ ’ਚ ਗਾਂਵਾਂ ਵੀ ਦਿੱਸ ਰਹੀਆਂ ਹਨ ਜਿਨ੍ਹਾਂ ਨੂੰ ਡੌਨਲਡ ਟਰੰਪ ਦੇ ਸਿਗਨੇਚਰ ਵਾਲਾਂ ਤੇ ਲਾਲ ਟਾਈ ਪਾਈ ਹੋਈ ਇੱਕ ਗੁਰੀਲਾ ਦੁਹਾੜ ਮਾਰ ਰਿਹਾ ਹੈ।

ਇਸ ਪ੍ਰੋਗਰਾਮ ਸਬੰਧੀ ਮੌਂਟ੍ਰਿਆਲ ਕਲਚਰਲ ਕੰਪਨੀ ਬਾਲੀਵੁਡ ਬਲਾਸਟ ਦੀ ਫਾਊਂਡਰ ਤੇ ਨਿਰਦੇਸ਼ਕ ਈਨਾ ਭੌਮਿਕ ਨੇ ਕਿਹਾ ਹੈ ਕਿ ਇਹ ਵੀਡੀਆ ਪੂਰੀ ਤਰ੍ਹਾਂ ਨਾਲ ਭਾਰਤੀ ਸੰਸਕ੍ਰਿਤੀ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਸਾਡੇ ਡਾਂਸ ਤੇ ਹੋਰ ਪਰੰਪਰਾਵਾਂ ਦਾ ਇਸ ਤਰ੍ਹਾਂ ਮਜ਼ਾਕ ਨਹੀਂ ਉਡਾਇਆ ਜਾ ਸਕਦਾ। ਇੱਕ ਹੋਰ ਭਾਰਤੀ ਮੂਲ ਦੀ ਕੈਨੇਡੀਅਨ ਮਹਿਲਾ ਮਾਹਾ ਖ਼ਾਨ ਨੇ ਕਿਹਾ ਕਿ ਇਹ ਰੇਡੀਓ ਕੈਨੇਡਾ ਦੇ ਖ਼ਾਲੀ ਦਿਮਾਗ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਤਕ ਦਾ ਸਭ ਤੋਂ ਘਟੀਆ ਪ੍ਰੋਗਰਾਮ ਹੈ।

ਵੇਖੋ ਪ੍ਰੋਗਰਾਮ ਦੀ ਵੀਡੀਓ-