ਰੌਬਟ ਦੀ ਰਿਪੋਰਟ
ਚੰਡੀਗੜ੍ਹ: ਅਮਰੀਕੀ ਕੱਚੇ ਤੇਲ ਦੀ ਕੀਮਤ ਦਾ ਬੈਂਚਮਾਰਕ ਵੈਸਟ ਟੈਕਸਸ ਇੰਟਰਮੀਡੀਏਟ (ਡਬਲਯੂਟੀਆਈ) ਦਾ ਮਈ ਫਿਊਚਰਜ਼ ਦਾ ਭਾਅ ਸੋਮਵਾਰ ਨੂੰ ਘੱਟ ਕਿ 37.63 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ। ਇਹ ਵਿਸ਼ਵ ਵਿਆਪੀ ਐਨਰਜੀ ਸੈਕਟਰ ਲਈ ਵੱਡੇ ਖਤਰੇ ਦਾ ਸੰਕੇਤ ਹੈ।

ਅਮਰੀਕੀ ਕੱਚ ਤੇਲ ਦੇ ਭਾਅ 'ਚ ਗਿਰਾਵਟ ਕਿਉਂ?
ਕੱਚੇ ਤੇਲ ਦਾ ਭਾਅ ਸਪਲਾਈ, ਮੰਗ ਤੇ ਕੁਆਲਟੀ ਵਰਗੇ ਕਈ ਕਾਰਕਾਂ ਤੇ ਨਿਰਭਰ ਕਰਦਾ ਹੈ। ਕੋਵਿਡ-19 ਦੀ ਵਜਾਹ ਨਾਲ ਲੋਕ ਘਰਾਂ ਅੰਦਰ ਹੀ ਹਨ। ਅਜਿਹੀ ਸਿਥਤੀ 'ਚ ਤੇਲ ਦੀ ਮੰਗ ਬਹੁਤ ਜ਼ਿਆਦਾ ਘੱਟ ਗਈ ਹੈ। ਬਾਜ਼ਾਰ 'ਚ ਮੰਗ ਨਾਲੋਂ ਵੱਧ ਸਪਲਾਈ ਹੋ ਗਈ ਹੈ। ਓਵਰ ਸਪਲਾਈ ਕਾਰਨ ਸਟੋਰੇਜ ਕੈਪਿਸਿਟੀ ਵੀ ਪੂਰੀ ਹੋ ਗਈ ਹੈ।

ਅਮਰੀਕੀ ਉਪਭੋਗਤਾਵਾਂ ਤੇ ਕੀ ਅਸਰ?
ਤੇਲ ਕੀਮਤਾਂ ਦੀ ਜਾਣਕਾਰੀ ਸੇਵਾਵਾਂ ਦੇ ਵਿਸ਼ਲੇਸ਼ਕ ਟੌਮ ਕਲੋਜਾ ਦਾ ਕਹਿਣਾ ਹੈ ਕਿ ਕੱਚੇ ਫਿਊਚਰਜ਼ ਦੀ ਕੀਮਤਾਂ 'ਚ ਗਿਰਾਵਟ ਦਾ ਅਸਰ ਪੈਟਰੋਲ ਪੰਪਾਂ 'ਤੇ ਵਿਖੇ ਇਹ ਜ਼ਰੂਰੀ ਨਹੀਂ। ਮਈ ਵਿੱਚ ਪੈਟਰੋਲ-ਡੀਜ਼ਲ ਤੇ ਜੈੱਟ ਫਿਊਲ ਦੀਆਂ ਕੀਮਤਾਂ ਵਿੱਚ ਕਮੀ ਆਵੇਗੀ, ਪਰ ਇਹ ਨਾ ਸੋਚੋ ਕਿ ਜੇ ਕੱਚੇ ਤੇਲ ਦੀ ਕੀਮਤ ਨਕਾਰਾਤਮਕ ਹੋ ਗਈ ਹੈ, ਤਾਂ ਤੋਹਫੇ ਵਿੱਚ ਪੈਟਰੋਲ-ਡੀਜ਼ਲ ਉਪਲਬਧ ਹੋਣਗੇ। ਹਾਲਾਂਕਿ, ਮੌਜੂਦਾ ਕੀਮਤਾਂ ਅਨੁਸਾਰ, ਅਮਰੀਕੀ ਪਰਿਵਾਰ ਹਰ ਮਹੀਨੇ ਤੇਲ ਦੀ ਖਰੀਦ 'ਤੇ 150 ਤੋਂ 175 ਡਾਲਰ ਦੀ ਬਚਤ ਹੋਵੇਗੀ।

ਏਅਰਲਾਈਨਾਂ ਲਈ ਇਸ ਦਾ ਕੀ ਅਰਥ ਹੈ?
ਕੱਚੇ ਤੇਲ ਦੇ ਰੇਟਾਂ ਦੀ ਗਿਰਾਵਟ ਨਾਲ ਏਅਰਲਾਈਨਾਂ ਦਾ ਸੰਚਾਲਨ ਕਰਨਾ ਸਸਤਾ ਹੋ ਜਾਵੇਗਾ। ਹਾਲਾਂਕਿ, ਜ਼ਿਆਦਾਤਰ ਉਡਾਣਾਂ ਅਜੇ ਵੀ ਖਾਲੀ ਹਨ ਕਿਉਂਕਿ, ਕੋਵਿਡ-19 ਦੇ ਕਾਰਨ, ਲੋਕ ਯਾਤਰਾ ਨਹੀਂ ਕਰ ਰਹੇ ਹਨ।

ਤੇਲ ਦੀ ਆਰਥਿਕਤਾ ਤੇ ਕੀ ਪ੍ਰਭਾਵ ਪਏਗਾ?
ਸਧਾਰਨ ਸਥਿਤੀਆਂ ਵਿੱਚ, ਕੱਚੇ ਤੇਲ ਦੀ ਮੰਗ ਦਾ 30% ਹਿੱਸਾ ਪਿਛਲੇ ਦੋ ਤੋਂ ਤਿੰਨ ਹਫਤਿਆਂ ਵਿੱਚ ਦੁਨੀਆ ਭਰ 'ਚ ਸਟੋਰ ਹੋ ਚੁੱਕਾ ਹੈ ਪਰ ਹੁਣ ਕੋਈ ਮੰਗ ਨਹੀਂ ਹੈ। ਜੇ ਕੋਵੀਡ-19 ਤੋਂ ਬਾਅਦ ਵੀ ਪਹਿਲਾਂ ਵਾਂਗ ਕੱਚੇ ਤੇਲ ਦੀ ਮੰਗ ਵਧ ਜਾਂਦੀ ਹੈ, ਤਾਂ ਵੀ ਇਹ ਪੂਰੀ ਸਟੋਰੇਜ਼ ਨੂੰ ਵਰਤਣ ਵਿੱਚ ਲੰਮਾ ਸਮਾਂ ਲਵੇਗਾ। ਐਨਰਜੀ ਖੇਤਰ ਦੇ ਵਿਸ਼ਲੇਸ਼ਕ ਕਹਿੰਦੇ ਹਨ ਕਿ ਮੰਗ ਜਲਦੀ ਵਾਪਸ ਹੋਣ ਦੀ ਉਮੀਦ ਨਹੀਂ ਹੈ।

ਭਾਰਤ ‘ਤੇ ਕੀ ਪ੍ਰਭਾਵ ਪਏਗਾ?
ਭਾਰਤ ਤੇਲ ਉਤਪਾਦਕ ਦੇਸ਼ਾਂ ਦੀ ਸੰਸਥਾ ਓਪੇਕ ਬਲਾਕ ਤੋਂ ਕੱਚੇ ਤੇਲ ਦਾ ਆਯਾਤ ਕਰਦਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਦੀਆਂ ਘੱਟ ਕੀਮਤਾਂ ਦੇ ਕਾਰਨ, ਭਾਰਤ ਵਿੱਚ ਤੇਲ ਸਸਤਾ ਹੋਵੇਗਾ, ਪਰ ਇਹ ਤੁਰੰਤ ਤੇ ਉਸੇ ਅਨੁਪਾਤ ਵਿੱਚ ਨਹੀਂ ਹੋਵੇਗਾ ਕਿਉਂਕਿ, ਡਾਲਰ ਦੇ ਮੁਕਾਬਲੇ ਰੁਪਿਆ ਪਿਛਲੇ ਦਿਨਾਂ ਤੋਂ ਨਿਰੰਤਰ ਕਮਜ਼ੋਰ ਬਣਿਆ ਹੋਇਆ ਹੈ।

ਭਾਰਤ ਡਾਲਰਾਂ ਵਿੱਚ ਕੱਚੇ ਤੇਲ ਦੀ ਦਰਾਮਦ ਦਾ ਭੁਗਤਾਨ ਕਰਦਾ ਹੈ। ਇਸ ਲਈ ਰੁਪਿਆ ਦੇ ਮੁਕਾਬਲੇ ਡਾਲਰ ਮਹਿੰਗਾ ਹੋਣ ਕਰਕੇ ਦਰਾਮਦ ਭਾਰਤ ਲਈ ਮਹਿੰਗੀ ਪਵੇਗੀ। ਦੂਜਾ ਇਹ ਕਿ ਭਾਰਤ ਬ੍ਰੈਂਟ ਕਰੂਡ ਦੀ ਦਰਾਮਦ ਕਰਦਾ ਹੈ। ਮੌਜੂਦਾ ਸਥਿਤੀ ਵਿੱਚ, ਡਬਲਯੂਟੀਆਈ ਦੇ ਮੁਕਾਬਲੇ ਬ੍ਰੈਂਟ ਕਰੂਡ ਦੀ ਕੀਮਤ ਸਥਿਰ ਹੈ।

ਭਾਵੇਂ ਆਉਣ ਵਾਲੇ ਦਿਨਾਂ ਵਿੱਚ ਬ੍ਰੈਂਟ ਕਰੂਡ ਵਿੱਚ ਭਾਰੀ ਗਿਰਾਵਟ ਆ ਰਹੀ ਹੈ, ਫਿਰ ਵੀ ਸਰਕਾਰ ਤੋਂ ਖਪਤਕਾਰਾਂ ਨੂੰ ਜ਼ਿਆਦਾ ਲਾਭ ਦੇਣ ਦੀ ਉਮੀਦ ਨਹੀਂ ਕੀਤੀ ਜਾ ਰਹੀ ਹੈ। ਕਿਉਂਕਿ ਕੋਵਿਡ -19 ਦੇ ਕਾਰਨ, ਮਾਲੀਆ ਪਹਿਲਾਂ ਹੀ ਘਟ ਰਿਹਾ ਹੈ। ਅਜਿਹੀ ਸਥਿਤੀ ਵਿੱਚ ਸਰਕਾਰ ਟੈਕਸਾਂ ਵਿੱਚ ਵਾਧਾ ਕਰਕੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਦਾ ਫਾਇਦਾ ਉਠਾਉਣਾ ਚਾਹੇਗੀ।


(ਸ੍ਰੋਤ-ਕਮਾਂਤਰੀ ਮੀਡੀਆ ਰਿਪੋਰਟਾਂ)