ਨਵੀਂ ਦਿੱਲੀ: ਰਾਜਧਾਨੀ ਦਿੱਲੀ ਇੱਕ ਵਾਰ ਫੇਰ ਸੁਰਖੀਆਂ ‘ਚ ਹੈ। ਇਸ ਵਾਰ ਦਿੱਲੀ ਸੁਰਖੀਆਂ ‘ਚ ਨਸ਼ੇ ਕਰਕੇ ਹੈ। ਜੀ ਹਾਂ, ਦਿੱਲੀ ਗਾਂਜੇ ਦੇ ਇਸਤੇਮਾਲ ‘ਚ ਵਿਸ਼ਵ ਪੱਧਰ ‘ਚ ਤੀਜੇ ਸਥਾਨ ‘ਤੇ ਹੈ। ਇੱਥੋਂ ਦੇ ਲੋਕਾਂ ਨੇ 38.3 ਟਨ ਗਾਂਜੇ ਦਾ ਸੇਵਨ ਪਿਛਲੇ ਸਾਲ 2018 ‘ਚ ਕੀਤਾ। ਗਾਂਜੇ ਦੀ ਖਪਤ ਦਿੱਲੀ ‘ਚ ਉਸ ਸਮੇਂ ਹੋਈ ਜਦੋਂ ਇਸ ਦਾ ਸੇਵਨ ਗੈਰ-ਕਾਨੂੰਨੀ ਸੀ। ਦੁਨੀਆ ‘ਚ ਗਾਂਜੇ ਦੇ ਸੇਵਨ ‘ਚ ਅਮਰੀਕਾ ਦਾ ਸ਼ਹਿਰ ਨਿਊਯਾਰਕ ਪਹਿਲੇ ਨੰਬਰ ‘ਤੇ ਤੇ ਦੂਜੇ ਸਥਾਨ ‘ਤੇ ਪਾਕਿਸਤਾਨੀ ਸ਼ਹਿਰ ਕਰਾਚੀ ਹੈ।


ਨਿਊਯਾਰਕ ‘ਚ ਜਿੱਥੇ 77.4 ਟਨ ਗਾਂਜੇ ਦਾ ਸੇਵਨ ਕੀਤਾ ਗਿਆ। ਉੱਥੇ ਹੀ ਕਰਾਚੀ ‘ਚ 42 ਟਨ ਗਾਂਜੇ ਦਾ ਸੇਵਨ ਕੀਤਾ ਗਿਆ। ਦਿੱਲੀ ਤੋਂ ਬਾਅਦ ਗਾਂਜੇ ਦੇ ਸੇਵਨ ‘ਚ ਛੇਵਾਂ ਸਥਾਨ ਮੁੰਬਈ ਦਾ ਹੈ। ਜਿੱਥੇ ਲੋਕਾਂ ਨੇ 32.4 ਟਨ ਗਾਂਜੇ ਦਾ ਸੇਵਨ ਕੀਤਾ ਸੀ। ਇਸ ਮਾਮਲੇ ‘ਤੇ ਗਲੋਬਲ ਰਿਪੋਰਟ ਨੂੰ ਏਬੀਸੀਡੀ ਨਾਂ ਦੀ ਜਰਮਨੀ ਸੰਸਥਾ ਨੇ ਜਾਰੀ ਕੀਤਾ ਹੈ।

ਅੰਕੜਿਆਂ ਮੁਤਾਬਕ ਜੇਕਰ ਦਿੱਲੀ ‘ਚ ਗਾਂਜੇ ਦਾ ਸੇਵਨ ਕਾਨੂੰਨੀ ਕਰ ਦਿੱਤਾ ਜਾਵੇ ਤਾਂ ਇਸ ਨਾਲ ਸਰਕਾਰ ਨੂੰ 725 ਕਰੋੜ ਰੁਪਏ ਦੇ ਮਾਲੀਏ ਦੀ ਪ੍ਰਾਪਤੀ ਹੋ ਸਕਦੀ ਹੈ। ਇਸੇ ਤਰ੍ਹਾਂ ਮੁੰਬਈ ‘ਚ ਗਾਂਜੇ ਦੇ ਸੇਵਨ ਨੂੰ ਕਾਨੂੰਨੀ ਕਰਨ ਨਾਲ 641 ਕਰੋੜ ਰੁਪਏ ਦੇ ਮਾਲੀਏ ਦੀ ਪ੍ਰਾਪਤੀ ਹੋਵੇਗੀ। ਜਿਸ ਸੰਸਥਾ ਨੇ ਰਿਪੋਰਟ ਜਾਰੀ ਕੀਤੀ ਹੈ, ਉਸ ਮੁਤਾਬਕ ਲੈਟਿਨ ਅਮਰੀਕਾ ‘ਚ ਦੁਨੀਆ ਦਾ ਸਭ ਤੋਂ ਸਸਤਾ ਗਾਂਜਾ ਮਿਲਦਾ ਹੈ ਤੇ ਸਭ ਤੋਂ ਮਹਿੰਗਾ ਗਾਂਜਾ ਜਾਪਾਨ ਦੀ ਰਾਜਧਾਨੀ ਟੋਕੀਓ ‘ਚ ਮਿਲਦਾ ਹੈ।