ਵਾਸ਼ਿੰਗਟਨ: ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਸੀਰੀਆ ਵਿੱਚ ਕਥਿਤ ਗੈਸ ਹਮਲੇ ਦਾ ਜਵਾਬ ਦੇਣ ਲਈ ਆਪਣੇ ਸਾਥੀ ਮੁਲਕਾਂ ਨਾਲ ਗੱਲਬਾਤ ਕੀਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮਸਲੇ ਦੇ ਹੱਲ ਲਈ ਆਪਣੀ ਵਿਦੇਸ਼ ਫੇਰੀ ਵੀ ਰੱਦ ਕਰ ਦਿੱਤੀ ਹੈ।


 

ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ, ਫਰਾਂਸ ਤੇ ਬ੍ਰਿਟੇਨ ਇਸ ਹਫਤੇ ਦੇ ਅਖੀਰ ਤੱਕ ਫੌਜੀ ਹਮਲਾ ਕਰਨ ਬਾਰੇ ਗੱਲਬਾਤ ਕਰ ਰਹੇ ਹਨ। ਤਿੰਨਾਂ ਵਿੱਚੋਂ ਕਿਸੇ ਵੀ ਮੁਲਕ ਦੇ ਲੀਡਰ ਨੇ ਹਾਲੇ ਤੱਕ ਕੋਈ ਪੱਕਾ ਫੈਸਲਾ ਨਹੀਂ ਕੀਤਾ। ਹਥਿਆਰਾਂ 'ਤੇ ਬੈਨ ਲਾਗੂ ਕਰਨ ਤੇ ਰੂਸ ਤੋਂ ਇਲਾਵਾ ਈਰਾਨ ਵੱਲੋਂ ਸੀਰੀਆ ਦੇ ਰਾਜਨੀਤਕ ਤੇ ਫੌਜੀ ਐਕਸ਼ਨ ਦਾ ਮੁਕਾਬਲਾ ਕਰਨ ਲਈ ਕੌਮਾਂਤਰੀ ਏਕਤਾ ਦਾ ਮੈਸੇਜ ਜਾ ਸਕਦਾ ਹੈ।

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋ ਨੇ ਕਿਹਾ ਹੈ ਕਿ ਫਰਾਂਸ, ਅਮਰੀਕਾ ਤੇ ਬ੍ਰਿਟੇਨ ਆਉਣ ਵਾਲੇ ਦਿਨਾਂ ਵਿੱਚ ਇਹ ਫੈਸਲਾ ਲੈਣਗੇ ਕਿ ਕਿਵੇਂ ਇਸ ਦਾ ਜਵਾਬ ਦਿੱਤਾ ਜਾਵੇ। ਉਨ੍ਹਾਂ ਸ਼ਨੀਵਾਰ ਨੂੰ ਸੀਰੀਆ ਦੇ ਡੂਮਾ ਸ਼ਹਿਰ ਵਿੱਚ ਹਮਲੇ ਦਾ ਨੋਟਿਸ ਲੈਂਦਿਆਂ ਕਰੜਾ ਜਵਾਬ ਦੇਣ ਨੂੰ ਕਿਹਾ ਹੈ। ਇਸ ਹਮਲੇ ਵਿੱਚ 40 ਲੋਕ ਮਾਰੇ ਗਏ ਸਨ। ਸੀਰੀਆ ਦੀ ਸਰਕਾਰ ਨੇ ਇਸ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।