ਮਹਿਤਾਬ-ਉਦ-ਦੀਨ
ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੀ ਰੀਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਤੇ ਸਰਗਰਮ ਕਾਰਕੁੰਨਾਂ ਦੀ ਹੁਣ ਹਰ ਸੰਭਵ ਹੱਦ ਤੱਕ ਇਹੋ ਕੋਸ਼ਿਸ਼ ਹੋ ਰਹੀ ਹੈ ਕਿ ਦੇਸ਼ ਦੇ ਨਵੇਂ ਜੋਅ ਬਾਇਡੇਨ-ਕਮਲਾ ਹੈਰਿਸ ਪ੍ਰਸ਼ਾਸਨ ਵਿੱਚ ਹੋਣ ਵਾਲੀਆਂ ਨਵੀਆਂ ਨਿਯੁਕਤੀਆਂ ਦੇ ਰਾਹ ਵਿੱਚ ਵੱਧ ਤੋਂ ਵੱਧ ਅੜਿੱਕੇ ਖੜ੍ਹੇ ਕੀਤੇ ਜਾਣ। ਦਰਅਸਲ, ਹੁਣ ਨਵੇਂ ਰਾਸ਼ਟਰਪਤੀ ਜੋਅ ਬਾਇਡੇਨ ਆਪਣੇ ਪ੍ਰਸ਼ਾਸਨ ਵਿੱਚ ਨਵੀਂਆਂ ਨਿਯੁਕਤੀਆਂ ਕਰ ਰਹੇ ਹਨ ਪਰ ਰੀਪਬਲਿਕਨ ਪਾਰਟੀ ਹੁਣ ਖ਼ਾਸ ਕਰਕੇ ਭਾਰਤੀ ਮੂਲ ਦੇ ਉਮੀਦਵਾਰਾਂ, ਕਾਲੇ ਤੇ ਲਾਤੀਨੀ ਮੂਲ ਦੇ ਤੇ ਮਹਿਲਾ ਉਮੀਦਵਾਰਾਂ ਦੀਆਂ ਨਿਯੁਕਤੀਆਂ ਦੇ ਰਾਹ ਵਿੱਚ ਹਰ ਸੰਭਵ ਹੱਦ ਤੱਕ ਰੁਕਾਵਟ ਬਣ ਰਹੀ ਹੈ।
ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਤਾਂ ਚੋਣਾਂ ਹਾਰਨ ਦੇ ਬਾਵਜੂਦ ਆਪਣਾ ਅਹੁਦਾ ਛੱਡਣ ਲਈ ਤਿਆਰ ਨਹੀਂ ਹਨ। ਉਨ੍ਹਾਂ ਨੂੰ ਤਾਂ ਇੱਕ ਤਰ੍ਹਾਂ ਪ੍ਰੈੱਸ ਅਤੇ ਸੋਸ਼ਲ ਮੀਡੀਆ ਨੇ ਜ਼ਲੀਲ ਕਰ ਕੇ ਸੱਤਾ ਤੋਂ ਲਾਂਭੇ ਕੀਤਾ ਹੈ। ‘ਟਵਿਟਰ’ ਨੇ ਤਾਂ ਉਨ੍ਹਾਂ ਦੀਆਂ ਭੜਕਾਊ ਬਿਆਨਬਾਜ਼ੀਆਂ ਕਾਰਣ ਉਨ੍ਹਾਂ ਦਾ ਅਕਾਊਂਟ ਹੀ ਅਣਮਿੱਥੇ ਸਮੇਂ ਤੱਕ ਲਈ ਮੁਲਤਵੀ ਕਰ ਦਿੱਤਾ ਸੀ।
‘ਦ ਟਾਈਮਜ਼ ਆੱਫ਼ ਇੰਡੀਆ’ ਵੱਲੋਂ ਪ੍ਰਕਾਸ਼ਿਤ ਚਿਦਾਨੰਦ ਰਾਜਘਾਟ ਦੀ ਰਿਪੋਰਟ ਅਨੁਸਾਰ ਨੀਰਾ ਟੰਡਨ, ਵਿਵੇਕ ਮੂਰਤੀ ਤੇ ਵਨਿਤਾ ਗੁਪਤਾ ਜਿਹੇ ਭਾਰਤੀ ਮੂਲ ਦੇ ਉਮੀਦਵਾਰਾਂ ਸਮੇਤ ਅੱਧੀ ਦਰਜਨ ਦੇ ਲਗਭਗ ਨਵੇਂ ਅਧਿਕਾਰੀਆਂ ਦੀਆਂ ਨਿਯੁਕਤੀਆਂ ਨੂੰ ਸੈਨੇਟ ਦੇ ਬਹੁਗਿਣਤੀ ਮੈਂਬਰਾਂ ਦੀ ਪ੍ਰਵਾਨਗੀ ਲੋੜੀਂਦੀ ਹੁੰਦੀ ਹੈ। ਪੁਰਾਣੇ ਖ਼ਿਆਲਾਤ ਵਾਲੀ ਰੀਪਬਲਿਕਨ ਪਾਰਟੀ ਹੁਣ ਉਨ੍ਹਾਂ ਦੀਆਂ ਨਿਯੁਕਤੀਆਂ ਨਹੀਂ ਹੋਣ ਦੇ ਰਹੀ।
ਟ੍ਰੰਪ ਦੀ ਪਾਰਟੀ ਅਜਿਹੇ ਨਵੇਂ ਅਧਿਕਾਰੀਆਂ ਤੇ ਉਮੀਦਵਾਰਾਂ ਦੇ ਪੁਰਾਣੇ ਸੋਸ਼ਲ ਮੀਡੀਆ ਰਿਕਾਰਡ ਖੰਗਾਲ ਕੇ ਉਨ੍ਹਾਂ ਵਿਰੁੱਧ ਸਬੂਤ ਲੱਭ ਰਹੀ ਹੈ; ਤਾਂ ਜੋ ਉਨ੍ਹਾਂ ਦੀਆਂ ਨਿਯੁਕਤੀਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾ ਸਕੇ।