ਵਾਸ਼ਿੰਗਟਨ: ਅਮਰੀਕਾ ਦੀ ਖ਼ੁਫ਼ੀਆ ਏਜੰਸੀ ਐੱਫਬੀਆਈ ਦੇ ਏਜੰਟਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਲੋਚਕਾਂ ਅਤੇ ਦਿੱਗਜ ਵਿਰੋਧੀ ਆਗੂਆਂ ਨੂੰ ਪਾਰਸਲ ਬੰਬ ਭੇਜਣ ਦੇ ਇਲਜ਼ਾਮ ਹੇਠ ਇੱਕ 56 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸੀਜ਼ਰ ਸਿਓਕ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਜਾਣ ਸਮੇਂ ਉਹ ਟਰੰਪ ਦੇ ਸਮਰਥਨ ਵਿੱਚ ਲਾਏ ਸਟਿੱਕਰਾਂ ਨਾਲ ਸ਼ਿੰਗਾਰੀ ਕਾਰ ਵਿੱਚ ਸਵਾਰ ਸੀ।



ਅਮਰੀਕਾ ਦੇ ਅਟਾਰਨੀ ਜਨਰਲ ਜੈੱਫ ਸੈਸ਼ਨਜ਼ ਨੇ ਇਸ ਬਾਬਤ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੀਜ਼ਰ ਉੱਪਰ ਫੈਡਰਲ ਜੁਰਮ ਦੀਆਂ ਪੰਜ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਾਰਸਲ ਬੰਬ ਭੇਜ ਕੇ ਕਈ ਡੈਮੋਕ੍ਰੈਟਸ ਦੇ ਨਾਲ-ਨਾਲ ਹੋਰਨਾਂ ਵੱਡੀਆਂ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਯੋਜਨਾ ਸੀ।

ਫੈਡਰਲ ਏਜੰਸੀਆਂ ਸਾਰੇ ਮਾਮਲਿਆਂ ਸਬੰਧੀ ਮੁਲਜ਼ਮ ਤੋਂ ਪੜਤਾਲ ਕਰਨਗੀਆਂ। ਜੇਕਰ ਇਨ੍ਹਾਂ ਧਾਰਾਵਾਂ ਤਹਿਤ ਸੀਜ਼ਰ ਨੂੰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 48 ਤੋਂ ਲੈਕੇ 58 ਵਰ੍ਹਿਆਂ ਦੀ ਕੈਦ ਹੋ ਸਕਦੀ ਹੈ। ਸੈਸ਼ਨਜ਼ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਿਆਸੀ ਹਿੰਸਾ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਜ਼ਿਕਰਯੋਗ ਹੈ ਕਿ ਬੀਤੀ 24 ਅਕਤੂਬਰ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਭੇਜੇ ਗਏ ਪਾਰਸਲ ਬੰਬ ਬਰਾਮਦ ਕੀਤੇ ਸਨ। ਸੁਰੱਖਿਆ ਏਜੰਸੀਆਂ ਨੇ ਇੱਕ ਸ਼ੱਕੀ ਪੈਕੇਟ ਵਿੱਚੋਂ ਧਮਾਕਾਖੇਜ ਸਮੱਗਰੀ ਬਰਾਮਦ ਕੀਤੀ ਸੀ। ਓਬਾਮਾ ਦੇ ਦਫ਼ਤਰ ਅਤੇ ਹਿਲੇਰੀ ਦੇ ਘਰ ਲਈ ਇਹ ਪਾਰਸਲ ਬੰਬ ਭੇਜੇ ਗਏ ਸਨ। ਧਮਾਕਾਖੇਜ ਸਮੱਗਰੀ ਮਿਲਣ ਤੋਂ  ਬਾਅਦ ਹਾਲਾਂਕਿ ਦੋਵੇਂ ਨੇਤਾ ਸੁਰੱਖਿਅਤ ਹਨ।