ਫਲੋਰੀਡਾ: ਅਮਰੀਕਾ ਵਿੱਚ ਪੈਂਦੇ ਫਲੋਰੀਡਾ ਦੀਆਂ ਦੋ ਮਿਡਲ ਸਕੂਲ ਵਿਦਿਆਰਥਣਾਂ 'ਤੇ ਗੰਭੀਰ ਇਲਜ਼ਾਮ ਲੱਗੇ ਹਨ। ਲੜਕੀਆਂ 'ਤੇ ਨੌਂ ਲੋਕਾਂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜਾਮ ਹਨ। ਮੀਡੀਆ ਰਿਪੋਰਟਸ ਅਨੁਸਾਰ ਏਵਨ ਪਾਰਕ ਸਕੂਲ ਦੀ ਅਧਿਆਪਕਾ ਨੇ 14 ਸਾਲਾ ਲੜਕੀਆਂ ਨੂੰ ਅਜੀਬ ਵਿਹਾਰ ਕਰਦੇ ਵੇਖਿਆ ਅਤੇ ਉਨ੍ਹਾਂ ਨੂੰ ਇੱਕ ਫੋਲਡਰ ਸਬੰਧੀ ਇਹ ਕਹਿੰਦੇ ਸੁਣਿਆ ਕਿ ਜੇਕਰ ਕਿਸੇ ਨੂੰ ਪਤਾ ਲੱਗਿਆ ਤਾਂ ਗ੍ਰਿਫਤਾਰੀ ਹੋ ਸਕਦੀ ਹੈ।

ਅਧਿਆਪਕਾ ਨੇ ਇੱਕ ਲੜਕੀ ਨੂੰ ਕਹਿੰਦੇ ਸੁਣਿਆ ਕਿ ਉਹ ਪੁਲਿਸ ਨੂੰ ਕਹਿ ਦੇਣਗੇ ਕਿ ਇਹ ਸਿਰਫ ਇੱਕ ਪਰੈਂਕ (ਮਜ਼ਾਕ) ਸੀ। ਟੀਚਰ ਨੇ ਕਿਸੇ ਤਰ੍ਹਾਂ ਫੋਲਡਰ ਤਕ ਪਹੁੰਚ ਕੀਤੀ, ਉਸ ਵਿੱਚ ਬੰਦੂਕਾਂ ਦਾ ਜ਼ਿਕਰ ਸੀ। ਟੀਚਰ ਨੇ ਸਕੂਲ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਫਿਰ ਪੁਲਿਸ ਤਕ ਪਹੁੰਚ ਕੀਤੀ ਗਈ।

ਅਧਿਕਾਰੀਆਂ ਦਾ ਕਹਿਣਾ ਸੀ ਕਿ ਫੋਲਡਰ ਵਿੱਚ ਬੰਦੂਕਾਂ ਹਾਸਲ ਕਰਨ ਬਾਰੇ, ਪੀੜਤਾਂ ਨੂੰ ਕਤਲ ਕਰਨ ਬਾਰੇ, ਅਤੇ ਮ੍ਰਿਤ ਸ਼ਰੀਰਾਂ ਨੂੰ ਟਿਕਾਣੇ ਲਗਾਉਣ ਬਾਰੇ ਜਾਣਕਾਰੀ ਸੀ। ਲੜਕੀਆਂ 'ਤੇ ਕਿਡਨੈਪਿੰਗ ਤੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲੱਗੇ ਹਨ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਮਾਮਲੇ ਵਿੱਚ ਲੜਕੀਆਂ 'ਤੇ ਬਾਲਗਾਂ ਵਾਂਗ ਮੁਕੱਦਮਾ ਚੱਲੇਗਾ ਜਾਂ ਨਹੀਂ। ਫਿਲਹਾਲ ਦੋਵਾਂ ਕੁੜੀਆਂ ਨੂੰ ਜੁਵੇਨਾਈਲ ਜੇਲ੍ਹ ਵਿੱਚ ਰੱਖਿਆ ਗਿਆ ਹੈ।