ਮਹਿਤਾਬ-ਉਦ-ਦੀਨ


ਚੰਡੀਗੜ੍ਹ: ਇੰਗਲੈਂਡ ਦੇ ਸ਼ਹਿਰ ਬਰਮਿੰਘਮ ਦੀ 4 ਸਾਲਾ ਦਿਆਲ ਕੌਰ ਦਾ IQ ਸਕੋਰ ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ ਤੋਂ ਸਿਰਫ਼ 18 ਅੰਕ ਘੱਟ ਹੈ। ਉਸ ਨੇ ਹਾਲੀਆ MENSA ਟੈਸਟ ਵਿੱਚ 142 ਅੰਕ ਹਾਸਲ ਕੀਤੇ ਸਨ। ਇਹ ਟੈਸਟ ਮਨੁੱਖੀ ਸੂਝਬੂਝ ਦਾ ਮੁੱਲਾਂਕਣ ਕਰਨ ਲਈ ਕੀਤਾ ਜਾਂਦਾ ਹੈ।


ਲੋਕ ਇਸ ਚਾਰ ਸਾਲਾ ਬੱਚੀ ਦੀ ਇੰਟੈਲੀਜੈਂਸ ਤੋਂ ਡਾਢੇ ਹੈਰਾਨ ਵੀ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਇਹ ਬੱਚੀ ਦਿਆਲ ਕੌਰ ਜਦੋਂ ਸਿਰਫ਼ ਦੋ ਸਾਲਾਂ ਦੀ ਸੀ, ਤਦ ਹੀ ਇਸ ਨੂੰ ਬ੍ਰਹਿਮੰਡ ਦੇ ਸੋਲਰ ਸਿਸਟਮ ਦੇ ਸਾਰੇ ਗ੍ਰਹਿਆਂ ਦੇ ਨਾਂਅ ਮੂੰਹ ਜ਼ੁਬਾਨੀ ਯਾਦ ਸਨ। ਉਸ ਤੋਂ ਵੀ ਪਹਿਲਾਂ ਉਹ ਜਦੋਂ ਸਿਰਫ਼ 14 ਮਹੀਨਿਆਂ ਦੀ ਸੀ, ਉਸ ਨੇ ਸਾਰੀ A,B,C…ਵੀ ਮੂੰਹ ਜ਼ੁਬਾਨੀ ਰਟ ਲਈ ਸੀ। ਸੁਣਨ ਨੂੰ ਭਾਵੇਂ ਇਹ ਕੋਈ ਬਹੁਤੀ ਵੱਡੀ ਗੱਲ ਨਾ ਵੀ ਜਾਪੇ ਪਰ ਦੋ ਸਾਲਾਂ ਦੀ ਬੱਚੀ ਲਈ ਇਹ ਬਹੁਤ ਵਿਲੱਖਣ ਕਾਰਨਾਮਾ ਸੀ।


ਹੁਣ ਮੀਡੀਆ ਵੱਲੋਂ ਲਗਾਤਾਰ ਦਿਆਲ ਕੌਰ ਦੇ ਪਿਤਾ ਸਰਬਜੀਤ ਸਿੰਘ ਦੇ ਇੰਟਰਵਿਊ ਲਏ ਜਾ ਰਹੇ ਹਨ। ਦਿਆਲ ਕੌਰ MENSA ਟੈਸਟ ਦੇ ਬਿਨੈਕਾਰਾਂ ਵਿੱਚੋਂ ਟੌਪ 0.01 ਫ਼ੀ ਸਦੀ ਵਿੱਚ ਸ਼ੁਮਾਰ ਹੋਈ ਸੀ। ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਸਿਰਫ਼ 3 ਸਾਲਾਂ ਦੀ ਸੀ, ਜਦੋਂ ਦਿਆਲ ਕੌਰ ਨੇ IQ ਟੈਸਟ ਵਿੱਚੋਂ 142 ਅੰਕ ਹਾਸਲ ਕੀਤੇ ਸਨ; ਜਦ ਕਿ ਆਈਨਸਟਾਈਨ ਦਾ IQ ਲੈਵਲ 160 ਸੀ।


ਅਧਿਆਪਕ ਸਰਬਜੀਤ ਸਿੰਘ ਹੁਰਾਂ ਨੂੰ ਆਪਣੀ ਧੀ ਤੋਂ ਵੱਡੀਆਂ ਆਸਾਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਧੀ ਇੱਕ ਦਿਨ ਜੇ ਕਦੇ ਨੋਬਲ ਪੁਰਸਕਾਰ ਵੀ ਜਿੱਤ ਜਾਵੇ, ਤਾਂ ਵੀ ਕੋਈ ਵੱਡੀ ਗੱਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਵੱਡੀ ਹੋ ਕੇ ਕੋਈ ਵੀ ਕਿੱਤਾ ਅਪਨਾਉਣ ਲਈ ਪੂਰੀ ਤਰ੍ਹਾਂ ਆਜ਼ਾਦ ਹੋਵੇਗੀ। ਉਹ ਦਿਆਲ ਕੌਰ ਨੂੰ ਕੁਝ ਵੀ ਸਕਾਰਾਤਮਕ ਕਰਦਿਆਂ ਵੇਖ ਕੇ ਖ਼ੁਸ਼ ਹੋਣਗੇ। ਸੱਚਮੁਚ ਸਮੂਹ ਪੰਜਾਬੀਆਂ ਨੂੰ ਦਿਆਲ ਕੌਰ ਉੱਤੇ ਮਾਣ ਹੈ।