Germany Car Accident: ਜਰਮਨੀ ਦੇ ਮੈਗਡੇਬਰਗ ਵਿੱਚ ਸ਼ੁੱਕਰਵਾਰ (20 ਦਸੰਬਰ) ਨੂੰ ਇੱਕ ਵੱਡਾ ਕਾਰ ਹਾਦਸਾ ਵਾਪਰ ਗਿਆ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਜ਼ਖਮੀ ਹੋ ਗਏ। ਇਹ ਹਾਦਸਾ ਕ੍ਰਿਸਮਸ ਬਾਜ਼ਾਰ 'ਚ ਵਾਪਰਿਆ, ਜਿੱਥੇ ਇਕ ਕਾਰ ਭੀੜ ਵਾਲੇ ਇਲਾਕੇ 'ਚ ਦਾਖਲ ਹੋ ਕੇ ਲੋਕਾਂ 'ਤੇ ਚੜ੍ਹ ਗਈ। ਇਸ ਮਾਮਲੇ ਵਿੱਚ ਸਥਾਨਕ ਜਰਮਨ ਪੁਲਿਸ ਨੇ ਸਾਊਦੀ ਅਰਬ ਦੇ ਇੱਕ 50 ਸਾਲਾ ਡਾਕਟਰ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਾਰ ਚਲਾ ਰਿਹਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਈਆਂ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਹਮਲੇ ਵਿਚ 11 ਲੋਕ ਮਾਰੇ ਗਏ, ਪਰ ਬਾਅਦ ਵਿਚ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਹੁਣ ਤੱਕ ਸਿਰਫ ਦੋ ਮੌਤਾਂ ਹੋਈਆਂ ਹਨ।
ਮੈਗਡੇਬਰਗ ਜਰਮਨੀ ਦੇ ਸੈਕਸੋਨੀ-ਐਨਹੌਲਟ ਸਟੇਟ ਦੀ ਰਾਜਧਾਨੀ ਹੈ, ਜਿੱਥੇ ਇਹ ਹਾਦਸਾ ਵਾਪਰਿਆ। ਰਾਇਟਰਜ਼ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਇਆਂ ਸਿਟੀ ਚੀਫ ਰੇਨਰ ਹਸੇਲੌਫ ਨੇ ਦੱਸਿਆ ਕਿ ਦੋਸ਼ੀ ਡਰਾਈਵਰ ਜਰਮਨੀ ਦਾ ਰਹਿਣ ਵਾਲਾ ਸੀ, ਜੋ ਪਿਛਲੇ ਦੋ ਦਹਾਕਿਆਂ ਤੋਂ ਦੇਸ਼ 'ਚ ਰਹਿ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਸ਼ਹਿਰ ਵਿੱਚ ਕੋਈ ਹੋਰ ਖ਼ਤਰਾ ਮੌਜੂਦ ਨਹੀਂ ਹੈ, ਕਿਉਂਕਿ ਅਸੀਂ ਇਸ ਮਾਮਲੇ ਵਿੱਚ ਸਿਰਫ਼ ਇੱਕ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜੋ ਸਾਡੀ ਹਿਰਾਸਤ ਵਿੱਚ ਹੈ।
ਜਰਮਨ ਪੁਲਿਸ ਨੂੰ ਕਿਸ ਗੱਲ ਦਾ ਸ਼ੱਕ
ਸਮਾਚਾਰ ਏਜੰਸੀ ਰਾਇਟਰਸ ਨੇ ਸਥਾਨਕ ਪ੍ਰਸਾਰਕ ਦੇ ਹਵਾਲੇ ਨਾਲ ਕਿਹਾ ਕਿ ਜਰਮਨ ਪੁਲਿਸ ਨੂੰ ਸ਼ੱਕ ਹੈ ਕਿ ਵਾਹਨ ਵਿਚ ਵਿਸਫੋਟਕ ਯੰਤਰ ਸੀ। ਹਾਲਾਂਕਿ, ਉਨ੍ਹਾਂ ਨੂੰ ਕਾਰ ਦੇ ਅੰਦਰ ਕੋਈ ਵਿਸਫੋਟਕ ਨਹੀਂ ਮਿਲਿਆ। ਰਾਇਟਰਸ ਦੀ ਰਿਪੋਰਟ ਦੇ ਅਨੁਸਾਰ, ਪੁਲਿਸ ਨੇ ਮਾਰੇ ਗਏ ਲੋਕਾਂ ਦੀ ਗਿਣਤੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ ਮਾਰਕੀਟ ਵਿੱਚ ਵੱਡੇ ਪੱਧਰ 'ਤੇ ਕਾਰਵਾਈ ਦੀ ਪੁਸ਼ਟੀ ਕੀਤੀ। ਇਸ ਤੋਂ ਇਲਾਵਾ ਇਹ ਘਟਨਾ ਇੱਕ ਹਮਲਾ ਵੀ ਹੋ ਸਕਦੀ ਸੀ।
ਘਟਨਾ ਵਾਲੀ ਥਾਂ 'ਤੇ ਪੁਲਿਸ ਅਤੇ ਬਚਾਅ ਕਰਮਚਾਰੀ ਮੌਜੂਦ
ਜਰਮਨ ਪ੍ਰਸਾਰਕ MDR ਦੇ ਬੁਲਾਰੇ ਮਾਈਕਲ ਰੀਫ ਦੇ ਹਵਾਲੇ ਨਾਲ ਕਿਹਾ ਗਿਆ ਸੀ, "ਸ਼ੁਰੂਆਤੀ ਮੁਲਾਂਕਣ ਇਹ ਹੈ ਕਿ ਕ੍ਰਿਸਮਸ ਮਾਰਕੀਟ 'ਤੇ ਹਮਲਾ ਹੋਇਆ ਸੀ।" ਉਨ੍ਹਾਂ ਕਿਹਾ ਕਿ ਕਈ ਲੋਕ ਜ਼ਖਮੀ ਹੋਏ ਹਨ। ਮੌਕੇ 'ਤੇ ਪੁਲਿਸ ਅਤੇ ਬਚਾਅ ਕਰਮਚਾਰੀ ਮੌਜੂਦ ਹਨ। ਐਮਡੀਆਰ ਨੇ ਕਿਹਾ ਕਿ ਕਈ ਪੁਲਿਸ ਅਧਿਕਾਰੀ ਅਤੇ ਐਮਰਜੈਂਸੀ ਸੇਵਾਵਾਂ ਮੌਕੇ ਵਾਲੀ ਥਾਂ 'ਤੇ ਸਨ ਅਤੇ ਮਾਰਕੀਟ ਮੈਨੇਜਰ ਨੇ ਲੋਕਾਂ ਨੂੰ ਸਿਟੀ ਸੈਂਟਰ ਛੱਡਣ ਲਈ ਕਿਹਾ ਸੀ। ਚਸ਼ਮਦੀਦਾਂ ਨੇ ਬਰਾਡਕਾਸਟਰ ਨੂੰ ਦੱਸਿਆ ਕਿ ਕਾਰ ਸਿੱਧੀ ਟਾਊਨ ਹਾਲ ਦੀ ਦਿਸ਼ਾ ਵਿੱਚ ਬਾਜ਼ਾਰ ਵਿੱਚ ਭੀੜ ਵਿੱਚ ਵੜ ਗਈ।
ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨੇ ਇਸ ਘਟਨਾ 'ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਐਕਸ 'ਤੇ ਇਕ ਪੋਸਟ ਵਿਚ ਕਿਹਾ ਕਿ ਮੈਗਡੇਬਰਗ ਤੋਂ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਕੁਝ ਬੁਰਾ ਹੋਣ ਵਾਲਾ ਹੈ। ਮੇਰੀ ਸੰਵੇਦਨਾ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ। ਅਸੀਂ ਉਨ੍ਹਾਂ ਦੇ ਨਾਲ ਅਤੇ ਮੈਗਡੇਬਰਗ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ। ਇਨ੍ਹਾਂ ਚਿੰਤਾਜਨਕ ਸਥਿਤੀਆਂ ਵਿੱਚ ਬਚਾਅ ਕਰਮਚਾਰੀਆਂ ਦਾ ਮੈਂ ਧੰਨਵਾਦ ਕਰਦਾ ਹਾਂ। ਦੱਸ ਦਈਏ ਕਿ 8 ਸਾਲ ਪਹਿਲਾਂ ਟਿਊਨੀਸ਼ੀਅਨ ਵਿਅਕਤੀ ਅਨੀਸ ਅਮਰੀ ਨੇ ਬਰਲਿਨ ਦੇ ਇੱਕ ਭੀੜ-ਭੜੱਕੇ ਵਾਲੇ ਕ੍ਰਿਸਮਸ ਬਾਜ਼ਾਰ ਵਿੱਚ ਟਰੱਕ ਚੜ੍ਹਾ ਦਿੱਤਾ ਸੀ, ਜਿਸ ਵਿੱਚ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਜ਼ਖਮੀ ਹੋ ਗਏ ਸਨ।