Economic Crisis in Sri Lanka: ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਨੇ ਮੰਗਲਵਾਰ ਨੂੰ ਪੈਟਰੋਲ ਦੀਆਂ ਕੀਮਤਾਂ 'ਚ 24.3 ਫੀਸਦੀ ਤੇ ਡੀਜ਼ਲ ਦੀਆਂ ਕੀਮਤਾਂ 'ਚ 38.4 ਫੀਸਦੀ ਦਾ ਵਾਧਾ ਕੀਤਾ ਹੈ। ਵਿਦੇਸ਼ੀ ਮੁਦਰਾ ਭੰਡਾਰ ਦੀ ਕਮੀ ਕਾਰਨ ਸ਼੍ਰੀਲੰਕਾ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਇਹ ਵਾਧਾ ਕੀਤਾ ਗਿਆ ਹੈ।



ਗੁਆਂਢੀ ਦੇਸ਼ 'ਚ 19 ਅਪ੍ਰੈਲ ਤੋਂ ਬਾਅਦ ਤੇਲ ਦੀਆਂ ਕੀਮਤਾਂ 'ਚ ਇਹ ਦੂਜਾ ਵਾਧਾ ਹੈ। ਇਸ ਦੇ ਨਾਲ ਸਭ ਤੋਂ ਵੱਧ ਵਰਤੇ ਜਾਣ ਵਾਲੇ ਔਕਟੇਨ 92 ਪੈਟਰੋਲ ਦੀ ਕੀਮਤ 420 ਰੁਪਏ (1.17 ਡਾਲਰ) ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 400 ਰੁਪਏ (1.11 ਡਾਲਰ) ਪ੍ਰਤੀ ਲੀਟਰ ਹੋਵੇਗੀ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਹੈ।

ਭਾਰਤ ਦੀ ਪ੍ਰਮੁੱਖ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸ਼੍ਰੀਲੰਕਾ ਦੀ ਸਹਾਇਕ ਕੰਪਨੀ ਲੰਕਾ ਆਈਓਸੀ ਨੇ ਵੀ ਈਂਧਨ ਦੀਆਂ ਪ੍ਰਚੂਨ ਕੀਮਤਾਂ ਵਿੱਚ ਵਾਧਾ ਕੀਤਾ ਹੈ। ਐਲਆਈਓਸੀ ਦੇ ਸੀਈਓ ਮਨੋਜ ਗੁਪਤਾ ਨੇ ਕਿਹਾ ਕਿ ਅਸੀਂ ਸੀਲੋਨ ਪੈਟਰੋਲੀਅਮ ਕਾਰਪੋਰੇਸ਼ਨ (ਸੀਪੀਸੀ) ਦੀ ਬਰਾਬਰੀ ਕਰਨ ਲਈ ਕੀਮਤਾਂ ਵਿੱਚ ਵਾਧਾ ਕੀਤਾ ਹੈ। CPC ਸ਼੍ਰੀਲੰਕਾ ਵਿੱਚ ਇੱਕ ਜਨਤਕ ਖੇਤਰ ਦੀ ਤੇਲ ਕੰਪਨੀ ਹੈ।

ਇੱਕ ਕਿਲੋਮੀਟਰ ਜਾਣ 'ਤੇ ਆਟੋ ਕਿਰਾਇਆ 90 ਰੁਪਏ  
ਤੇਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਆਟੋ ਯੂਨੀਅਨ ਨੇ ਵੀ ਕਿਰਾਏ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਪਹਿਲੇ ਕਿਲੋਮੀਟਰ ਦਾ ਬੇਸ ਕਿਰਾਇਆ 90 ਰੁਪਏ ਹੋਵੇਗਾ, ਉਸ ਤੋਂ ਬਾਅਦ ਹਰ ਕਿਲੋਮੀਟਰ ਲਈ 80 ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਸ਼੍ਰੀਲੰਕਾ 'ਚ ਮਹਿੰਗਾਈ ਦਰ 40 ਫੀਸਦੀ ਦੇ ਨੇੜੇ ਪਹੁੰਚ ਗਈ ਹੈ। ਖਾਣ-ਪੀਣ ਦੀਆਂ ਵਸਤੂਆਂ ਉਪਲਬਧ ਨਹੀਂ ਹਨ। ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਸੰਕਟ ਨਾਲ ਜੂਝ ਰਹੇ ਲੋਕ ਵਿਦਰੋਹ 'ਤੇ ਉਤਰ ਆਏ ਹਨ ਤੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ।