Hinduja Family Servant Case: ਭਾਰਤੀ ਮੂਲ ਦੇ ਅਰਬਪਤੀ ਤੇ ਬ੍ਰਿਟੇਨ ਦੇ ਚੋਟੀ ਦੇ ਅਮੀਰਾਂ ਵਿੱਚ ਸ਼ਾਮਲ ਹਿੰਦੂਜਾ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਵੱਡਾ ਝਟਕਾ ਲੱਗਾ ਹੈ। ਸਵਿਟਜ਼ਰਲੈਂਡ ਦੀ ਇੱਕ ਅਦਾਲਤ ਨੇ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਘਰੇਲੂ ਨੌਕਰਾਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਹੈ।


ਹਿੰਦੂਜਾ ਪਰਿਵਾਰ ਦੇ ਜਿਨ੍ਹਾਂ ਮੈਂਬਰਾਂ ਨੂੰ ਸਵਿਸ ਅਦਾਲਤ ਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ, ਉਨ੍ਹਾਂ ਵਿੱਚ ਭਾਰਤ ਵਿੱਚ ਜਨਮੇ  ਪ੍ਰਕਾਸ਼ ਹਿੰਦੂਜਾ, ਉਨ੍ਹਾਂ ਦੀ ਪਤਨੀ, ਪੁੱਤਰ ਅਤੇ ਪੋਤਾ ਸ਼ਾਮਲ ਹਨ। ਉਨ੍ਹਾਂ 'ਤੇ ਮਨੁੱਖੀ ਤਸਕਰੀ ਤੇ ਨੌਕਰਾਂ ਨਾਲ ਅਣਮਨੁੱਖੀ ਵਿਵਹਾਰ ਦੇ ਗੰਭੀਰ ਦੋਸ਼ ਲਾਏ ਗਏ ਸਨ। ਭਾਵੇਂ ਅਦਾਲਤ ਨੇ ਮਨੁੱਖੀ ਤਸਕਰੀ ਦੇ ਦੋਸ਼ਾਂ ਨੂੰ ਸਹੀ ਨਹੀਂ ਪਾਇਆ, ਪਰ ਦੁਰਵਿਵਹਾਰ ਦੇ ਮਾਮਲੇ ਵਿੱਚ ਅਦਾਲਤ ਨੇ ਉਨ੍ਹਾਂ ਨੂੰ ਸਾਢੇ ਚਾਰ ਸਾਲ ਦੀ ਸਜ਼ਾ ਸੁਣਾਈ।


ਤਸਕਰੀ ਦੇ ਦੋਸ਼ਾਂ ਤੋਂ ਰਾਹਤ


ਪ੍ਰਕਾਸ਼ ਹਿੰਦੂਜਾ ਦੇ ਪਰਿਵਾਰ 'ਤੇ ਭਾਰਤ ਤੋਂ ਨੌਕਰਾਂ ਨੂੰ ਲਿਆਉਣ ਦਾ ਇਲਜ਼ਾਮ ਸੀ, ਜਿਨ੍ਹਾਂ ਨੂੰ ਜਿਨੀਵਾ ਸਥਿਤ ਆਪਣੇ ਆਲੀਸ਼ਾਨ ਲੇਕਸਾਈਡ ਵਿਲਾ 'ਚ ਕੰਮ ਕਰਨ ਲਈ ਲਿਆਉਂਦੇ ਸਨ। ਉਨ੍ਹਾਂ 'ਤੇ ਤਸਕਰੀ ਰਾਹੀਂ ਘਰੇਲੂ ਨੌਕਰਾਂ ਨੂੰ ਲਿਆਉਣ ਦਾ ਵੀ ਦੋਸ਼ ਸੀ। ਹਾਲਾਂਕਿ ਅਦਾਲਤ ਨੇ ਇਸ ਦੋਸ਼ ਨੂੰ ਸੱਚ ਨਹੀਂ ਮੰਨਿਆ। ਅਦਾਲਤ ਨੇ ਕਿਹਾ ਕਿ ਕੰਮ ਕਰਨ ਵਾਲੇ ਲੋਕ ਜਾਣਦੇ ਸਨ ਕਿ ਉਨ੍ਹਾਂ ਨੂੰ ਕਿਉਂ ਲਿਆਂਦਾ ਜਾ ਰਿਹਾ ਹੈ।


ਹਾਲਾਂਕਿ ਪ੍ਰਕਾਸ਼ ਹਿੰਦੂਜਾ ਦੇ ਪਰਿਵਾਰ 'ਤੇ ਹੋਰ ਵੀ ਕਈ ਗੰਭੀਰ ਦੋਸ਼ ਸਹੀ ਪਾਏ ਗਏ। ਅਦਾਲਤ ਨੇ ਉਨ੍ਹਾਂ ਨੂੰ ਅਣਅਧਿਕਾਰਤ ਨੌਕਰੀਆਂ ਦੇਣ ਅਤੇ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਦੇ ਦੋਸ਼ਾਂ ਨੂੰ ਸੱਚ ਮੰਨ ਲਿਆ। ਹਿੰਦੂਜਾ ਪਰਿਵਾਰ 'ਤੇ ਮਜ਼ਦੂਰਾਂ ਨੂੰ ਸਵਿਸ ਫ੍ਰੈਂਕ ਦੀ ਬਜਾਏ ਭਾਰਤੀ ਰੁਪਏ 'ਚ ਤਨਖਾਹ ਦੇਣ ਦਾ ਵੀ ਦੋਸ਼ ਸੀ। ਨੌਕਰਾਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਗਏ ਤੇ ਉਨ੍ਹਾਂ ਨੂੰ ਵਿਲਾ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ।


ਪਹਿਲਾਂ ਵੀ ਲੱਗ ਚੁੱਕੇ ਨੇ ਇਹ ਦੋਸ਼


ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਕਾਸ਼ ਹਿੰਦੂਜਾ ਦੇ ਪਰਿਵਾਰ 'ਤੇ ਅਜਿਹੇ ਦੋਸ਼ ਲੱਗੇ ਹਨ। ਪ੍ਰਕਾਸ਼ ਹਿੰਦੂਜਾ, ਜੋ ਦਹਾਕਿਆਂ ਤੋਂ ਸਵਿਟਜ਼ਰਲੈਂਡ ਵਿੱਚ ਰਹਿ ਰਿਹਾ ਸੀ, 'ਤੇ ਵੀ 2007 ਵਿੱਚ ਬਿਨਾਂ ਕਾਗਜ਼ੀ ਕਾਰਵਾਈ ਦੇ ਅਣਅਧਿਕਾਰਤ ਤੌਰ 'ਤੇ ਲੋਕਾਂ ਨੂੰ ਨੌਕਰੀ 'ਤੇ ਰੱਖਣ ਦਾ ਦੋਸ਼ ਲਗਾਇਆ ਗਿਆ ਸੀ। ਹੁਣ ਤਾਜ਼ਾ ਮਾਮਲੇ ਵਿੱਚ ਅਦਾਲਤ ਨੇ ਕਈ ਗੰਭੀਰ ਦੋਸ਼ਾਂ ਨੂੰ ਸੱਚ ਸਾਬਤ ਕਰਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਚਾਰ ਸਾਲ ਤੋਂ ਸਾਢੇ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।


ਬ੍ਰਿਟੇਨ ਦਾ ਸਭ ਤੋਂ ਅਮੀਰ ਪਰਿਵਾਰ


ਹਿੰਦੂਜਾ ਪਰਿਵਾਰ ਦੁਨੀਆ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚ ਗਿਣਿਆ ਜਾਂਦਾ ਹੈ। ਹਿੰਦੂਜਾ ਪਰਿਵਾਰ ਨੂੰ ਬ੍ਰਿਟੇਨ ਦਾ ਸਭ ਤੋਂ ਅਮੀਰ ਪਰਿਵਾਰ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਹਿੰਦੂਜਾ ਪਰਿਵਾਰ ਕੋਲ ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲੋਂ ਕਈ ਗੁਣਾ ਜ਼ਿਆਦਾ ਦੌਲਤ ਹੈ। ਪਰਿਵਾਰਕ ਕਾਰੋਬਾਰ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਭਾਰਤ ਵਿੱਚ ਹਿੰਦੂਜਾ ਪਰਿਵਾਰ ਦਾ ਕਾਰੋਬਾਰ ਅਸ਼ੋਕ ਲੇਲੈਂਡ, ਇੰਡਸਇੰਡ ਬੈਂਕ ਵਰਗੀਆਂ ਕੰਪਨੀਆਂ ਰਾਹੀਂ ਕਈ ਖੇਤਰਾਂ ਵਿੱਚ ਫੈਲਿਆ ਹੋਇਆ ਹੈ।