ਭਾਰਤ-ਅਮਰੀਕੀ ਰੱਖਿਆ ਸਾਂਝੇਦਾਰੀ ਨੂੰ ਮਜਬੂਤ ਕਰਨ ਦਾ ਇਕ ਹੋਰ ਸੰਕੇਤ ਦਿੰਦਿਆਂ ਅਮਰੀਕੀ ਜਲ ਸੈਨਾ ਨੇ ਪਹਿਲੇ ਦੋ MH-60R ਮਲਟੀ ਰੋਲ ਹੈਲੀਕੌਪਟਰਸ ਭਾਰਤੀ ਫੌਜ ਨੂੰ ਸੌਂਪ ਦਿੱਤੇ। ਭਾਰਤੀ ਫੌਜ ਅਮਰੀਕੀ ਸਰਕਾਰ ਤੋਂ ਵਿਦੇਸ਼ੀ ਫੌਜੀ ਵਿਕਰੀ ਦੇ ਤਹਿਤ ਲੌਕਹੀਡ ਮਾਰਟਿਨ ਵੱਲੋਂ ਬਣਾਏ ਇਹ 24 ਹੈਲੀਕੌਪਟਰ ਖਰੀਦ ਰਹੀ ਹੈ ਜਿੰਨ੍ਹਾਂ ਦੀ ਅੰਦਾਜ਼ਨ ਕੀਮਤ 2.4 ਅਰਬ ਡਾਲਰ ਹੈ।


ਸੈਨ ਡਿਏਗੋ ਦੇ ਜਲ ਸੈਨਾ ਹਵਾਈ ਸਟੇਸ਼ਨ ਨੌਰਥ ਆਈਲੈਂਡ ਜਾਂ ਐਨਏਐਸ ਨੌਰਥ ਆਈਲੈਂਡ ਚ ਸ਼ੁੱਕਰਵਾਰ ਹੋਏ ਸਮਾਗਮ 'ਚ ਅਮਰੀਕੀ ਜਲ ਸੈਨਾ ਨਾਲ ਭਾਰਤੀ ਜਲਸੈਨਾ ਨੂੰ ਉਪਚਾਰਿਕ ਤੌਰ ਤੇ ਹੈਲੀਕੌਪਟਰ ਸੌਂਪੇ। ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਣਜੀਤ ਸਿੰਘ ਸੰਧੂ ਇਸ 'ਚ ਸ਼ਾਮਿਲ ਹੋਏ। ਸੰਧੂ ਨੇ ਕਿਹਾ ਕਿ ਸਾਰੇ ਮੌਸਮਾਂ 'ਚ ਕੰਮ ਕਰਨ ਵਾਲੇ ਮਲਟੀ ਰੋਲ ਹੈਲੀਕੌਪਟਰਾਂ ਦਾ ਬੇੜੇ 'ਚ ਸ਼ਾਮਲ ਹੋਣਾ ਭਾਰਤ-ਅਮਰੀਕਾ ਦੋ-ਪੱਖੀ ਰੱਖਿਆ ਸਬੰਧਾਂ ਚ ਮਹੱਤਵਪੂਰਨ ਕਦਮ ਹੈ। ਉਨ੍ਹਾਂ ਟਵੀਟ ਕੀਤਾ, "ਭਾਰਤ-ਅਮਰੀਕਾ ਦੀ ਦੋਸਤੀ ਨਵੀਆਂ ਉਚਾਈਆਂ ਛੋਹ ਰਹੀ ਹੈ।"


ਉਨ੍ਹਾਂ ਕਿਹਾ ਕਿ ਦੁਵੱਲੇ ਰੱਖਿਆ ਵਪਾਰ ਪਿਛਲੇ ਕੁਝ ਸਾਲਾ ਤੋਂ 20 ਅਰਬ ਡਾਲਰ ਤੋਂ ਵੱਧ ਤੱਕ ਫੈਲ ਗਿਆ ਹੈ। ਰੱਖਿਆ ਵਪਾਰ ਤੋਂ ਇਲਾਵਾ ਭਾਰਤ ਤੇ ਅਮਰੀਕਾ ਰੱਖਿਆ ਮੰਚਾਂ ਦੇ ਸਹਿ ਵਿਕਾਸ 'ਤੇ ਵੀ ਮਿਲ ਕੇ ਕੰਮ ਕਰ ਰਹੇ ਹਨ। ਸੰਧੂ ਨੇ ਹਾਲ ਹੀ ਵਿੱਚ ਰੱਖਿਆ ਕੇਤਰ ਵਿੱਚ ਭਾਰਤ ਵੱਲੋਂ ਚੁੱਕੇ ਸੁਧਾਰਵਾਦੀ ਕਦਮਾਂ ਦਾ ਜ਼ਿਕਰ ਕੀਤਾ ਜਿਸ ਨਾਲ ਵਿਦੇਸ਼ੀ ਨਿਵੇਸ਼ਕਾਂ ਲਈ ਨਵੇਂ ਮੌਕੇ ਪੈਦਾ ਹੋਏ ਹਨ।


ਜਲ ਸੈਨਾ ਦੀ ਤਾਕਤ ਵਧੇਗੀ


ਐਮਐਚ-60ਆਰ ਹੈਲੀਕਾਪਟਰ ਹਰ ਤਰ੍ਹਾਂ ਦੇ ਮੌਸਮਾਂ ਵਿੱਚ ਕੰਮ ਕਰਨ ਵਾਲਾ ਹੈਲੀਕਾਪਟਰ ਹੈ, ਜਿਸ ਨੂੰ ਹਵਾਬਾਜ਼ੀ ਦੀਆਂ ਨਵੀਆਂ ਤਕਨੀਕਾਂ ਦੀ ਮਦਦ ਨਾਲ ਨਵੇਂ ਮਿਸ਼ਨਾਂ ਵਿੱਚ ਸਹਿਯੋਗ ਦੇਣ ਲਈ ਡਿਜ਼ਾਇਨ ਕੀਤਾ ਗਿਆ ਹੈ। ਇਨ੍ਹਾਂ ਐਮਆਰਐਚ ਹੈਲੀਕਾਪਟਰਾਂ ਦੇ ਸ਼ਾਮਲ ਹੋਣ ਨਾਲ ਭਾਰਤੀ ਜਲ ਸੈਨਾ ਦੀ ਤਾਕਤ ਵੱਧ ਜਾਵੇਗੀ। ਹੈਲੀਕਾਪਟਰਾਂ ਨੂੰ ਵਿਸ਼ੇਸ਼ ਉਪਕਰਨਾਂ ਅਤੇ ਹਥਿਆਰਾਂ ਨਾਲ ਲੈਸ ਵੀ ਕੀਤਾ ਜਾਵੇਗਾ। ਭਾਰਤੀ ਚਾਲਕ ਦਲ ਦਾ ਪਹਿਲਾ ਬੈਚ ਅਮਰੀਕਾ ਵਿੱਚ ਹੈਲੀਕਾਪਟਰ ਦੀ ਸਿਖਲਾਈ ਲੈ ਰਿਹਾ ਹੈ।


ਰੱਖਿਆ ਵਿਭਾਗ ਮੁਤਾਬਕ, ਇਸ ਵਿਕਰੀ ਨਾਲ ਭਾਰਤ ਦੀ ਜਲ-ਜ਼ਮੀਨ ਅਤੇ ਪਣਡੁੱਬੀ ਹਮਲੇ ਰੋਕਣ ਦੀ ਸਮਰੱਥਾ ਵਧੇਗੀ। ਭਾਰਤ ਸਰਕਾਰ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਤਿਹਾਸਕ ਯਾਤਰਾ ਤੋਂ ਪਹਿਲਾਂ ਫਰਵਰੀ 2020 ਵਿੱਚ ਹੈਲੀਕਾਪਟਰਾਂ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ ਸੀ।