ਮਹਿਤਾਬ-ਉਦ-ਦੀਨ


ਚੰਡੀਗੜ੍ਹ: ਕੈਨੇਡੀਅਨ ਸੂਬੇ ਅਲਬਰਟਾ ਦੇ ਸ਼ਹਿਰ ਐਡਮਿੰਟਨ ’ਚ ਪ੍ਰਵਾਸੀ ਭਾਰਤੀਆਂ ਵੱਲੋਂ ਮਨਾਏ ਜਾ ਰਹੇ ਹੋਲੀ ਦੇ ਤਿਉਹਾਰ ਮੌਕੇ ਕੁਝ ਮੁਜ਼ਾਹਰਾਕਾਰੀਆਂ ਵੱਲੋਂ ਕਥਿਤ ਵਿਘਨ ਪਾਏ ਜਾਣ ਤੋਂ ਬਾਅਦ ਹੁਣ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਦਰਅਸਲ, ਦਿੱਲੀ ਦੀਆਂ ਬਰੂਹਾਂ ’ਤੇ ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੀ ਧਮਕ ਪੂਰੀ ਦੁਨੀਆ ’ਚ ਪਈ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਪਿਛਲੇ ਸਾਲ ਲਾਗੂ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕੁਝ ਪ੍ਰਦਰਸ਼ਨਕਾਰੀਆਂ ਨੇ ਕੁਝ ਪ੍ਰਵਾਸੀ ਭਾਰਤੀਆਂ ਦੇ ਹੋਲੀ ਸਮਾਰੋਹ ’ਚ ਵਿਘਨ ਪਾਇਆ।


ਐਡਮਿੰਟਨ ਦੇ ਹੈਰੀਟੇਜ ਵੈਲੀ ਪਾਰਕ ’ਚ 400 ਵਿਅਕਤੀਆਂ ਦਾ ਇਕੱਠ ਹੋਲੀ ਦਾ ਜਸ਼ਨ ਮਨਾ ਰਿਹਾ ਸੀ ਤੇ ਉਸ ਤੋਂ ਬਾਅਦ ‘ਪੀਸ ਐਂਡ ਹਾਰਮੋਨੀ ਇੰਡੋ-ਕੈਨੇਡੀਅਨ ਤਿਰੰਗਾ ਯਾਤਰਾ’ ਵੀ ਹੋਣੀ ਸੀ। ਇਹ ਸਾਰਾ ਇੰਤਜ਼ਾਮ ‘ਭਾਰਤੀ ਮਲਟੀਕਲਚਰਲ ਐਂਡ ਹੈਰੀਟੇਜ ਸੁਸਾਇਟੀ ਆਫ਼ ਅਲਬਰਟਾ’ ਨੇ ਕੀਤਾ ਸੀ। ‘ਹਿੰਦੁਸਤਾਨ ਟਾਈਮਜ਼’ ਵੱਲੋਂ ਪ੍ਰਕਾਸ਼ਿਤ ਅਨਿਰੁਧ ਭੱਟਾਚਾਰੀਆ ਦੀ ਰਿਪੋਰਟ ਅਨੁਸਾਰ ਇਸ ਸਮਾਰੋਹ ’ਚ ਔਰਤਾਂ ਤੇ ਬੱਚੇ ਵੀ ਮੌਜੂਦ ਸਨ।


ਇੰਨੇ ਨੂੰ 100 ਕੁ ਵਿਅਕਤੀਆਂ ਦਾ ਇੱਕ ਸਮੂਹ ਭਾਰਤ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਨਾਅਰੇਬਾਜ਼ੀ ਕਰਦਾ ਉੱਥੇ ਆ ਗਿਆ। ਇਸ ਕਾਰਨ ਉੱਥੇ ਪਾਰਕ ਵਿੱਚ ਹਾਲਾਤ ਤਣਾਅਪੂਰਨ ਬਣ ਗਏ। ਉੱਥੇ ਮੁਜ਼ਾਹਰਾਕਾਰੀਆਂ ਨੇ ਕਾਰ ਰੈਲੀ ਦੇ ਰੂਪ ਵਿੱਚ ਹੋਣ ਵਾਲੀ ‘ਤਿਰੰਗਾ ਯਾਤਰਾ’ ਦਾ ਰਾਹ ਰੋਕਿਆ। ਤਿੰਨ ਘੰਟਿਆਂ ਤੱਕ ਉੱਥੇ ਰੇੜਕਾ ਪਿਆ ਰਿਹਾ। ਸਮਾਰੋਹ ਵੀ ਰੁਕ ਗਿਆ। ਬਾਅਦ ’ਚ ਪੁਲਿਸ ਨੇ ਆ ਕੇ ਰੋਸ ਮੁਜ਼ਾਹਰਾਕਾਰੀਆਂ ਨੂੰ ਉੱਥੋਂ ਹਟਾਇਆ ਤੇ ਰੈਲੀ ਤਿੰਨ ਘੰਟੇ ਦੇਰੀ ਨਾਲ ਸ਼ੁਰੂ ਹੋਈ।


‘ਤਿਰੰਗਾ ਯਾਤਰਾ’ ਦੇ ਪ੍ਰਬੰਧਕਾਂ ਨੇ ਦੋਸ਼ ਲਾਇਆ ਕਿ ਕੁਝ ਰੋਸ ਮੁਜ਼ਾਹਰਾਕਾਰੀਆਂ ਨੇ ਖ਼ਾਲਿਸਤਾਨੀ ਝੰਡੇ ਵੀ ਚੁੱਕੇ ਹੋਏ ਸਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਨੇ ਆਪਣੇ ਇੱਕ ਪ੍ਰੈੱਸ ਬਿਆਨ ’ਚ ਕਿਹਾ ਹੈ ਕਿ ਐਡਮਿੰਟਨ ’ਚ ਹੋਣ ਵਾਲੀ ਕਾਰ ਰੈਲੀ ’ਚ ਜਾਣਬੁੱਝ ਕੇ ਭਾਰਤ ਦੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਰੱਖੀ ਗਈ ਸੀ।


‘ਤਿਰੰਗਾ ਯਾਤਰਾ’ ਦੇ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਇਸ ਸਮਾਰੋਹ ਦਾ ਕੋਈ ਸਿਆਸੀ ਮੁਫ਼ਾਦ ਜਾਂ ਏਜੰਡਾ ਨਹੀਂ ਸੀ। ਹੋਲੀ ਦਾ ਤਿਉਹਾਰ ਹਰ ਸਾਲ ਇੰਝ ਹੀ ਮਨਾਇਆ ਜਾਂਦਾ ਹੈ। ਪਿਛਲੇ ਸਾਲ ਕੋਵਿਡ-19 ਕਾਰਨ ਇਹ ਤਿਉਹਾਰ ਮਨਾਇਆ ਨਹੀਂ ਗਿਆ ਸੀ। ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਦੌਰਾਨ ਕੈਨੇਡੀਅਨ ਮਹਾਂਨਗਰਾਂ ਟੋਰਾਂਟੋ ਤੇ ਵੈਨਕੂਵਰ ’ਚ ਵੀ ਜਦੋਂ ਭਾਰਤ ਸਰਕਾਰ ਦੇ ਹੱਕ ਵਿੱਚ ਰੈਲੀਆਂ ਹੋਈਆਂ ਸਨ, ਤਦ ਵੀ ਕਿਸਾਨ ਪੱਖੀ ਪ੍ਰਵਾਸੀ ਭਾਰਤੀਆਂ ਨੇ ਹੀ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ ਸੀ।


ਇਹ ਵੀ ਪੜ੍ਹੋ: Modi’s Mann ki Baat: ਖੇਤੀ ਕਾਨੂੰਨਾਂ ਬਾਰੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੱਡਾ ਦਾਅਵਾ, ਰੱਦ ਹੋਣਗੇ ਜਾਂ ਨਹੀਂ ਕੀਤਾ ਸਪਸ਼ਟ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904