ਨਵੀਂ ਦਿੱਲੀ: ਜਰਮਨੀ ਵਿੱਚ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਕ ਕੁੜੀ ਨਕਲੀ ਨੋਟਾਂ ਜ਼ਰੀਏ AUDI ਕਾਰ ਖਰੀਦਣ ਪਹੁੰਚ ਗਈ। ਹੈਰਾਨੀ ਦੀ ਗੱਲ ਇਹ ਹੈ ਕਿ 20 ਸਾਲ ਕੁੜੀ ਨੇ ਆਪਣੇ ਘਰ ਵਿੱਚ ਹੀ ਨਕਲੀ ਨੋਟ ਛਾਪੇ। 15 ਹਜ਼ਾਰ ਯੂਰੋ ਨਕਲੀ ਨੋਟ ਪ੍ਰਿੰਟ ਕਰਵਾ ਕੇ ਮਹਿਲਾ ਕੈਸਰਸਲਾਟਰਨ ਦੇ ਕਾਰ ਡੀਲਿੰਗ ਸ਼ੋਅਰੂਮ ਵਿੱਚ ਕਾਰ ਲੈਣ ਚਲੀ ਗਈ ਸੀ, ਜਿੱਥੇ ਡੀਲਰ ਨੇ ਨਕਲੀ ਨੋਟ ਫੜ ਲਏ। ਇਸ ਅਪਰਾਧ ਲਈ ਮਹਿਲਾ ਨੂੰ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।


ਕਾਰ ਸ਼ੋਅਰੂਮ ਦੇ ਮੈਨੇਜਰ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਹੀ ਇਹ ਔਰਤ ਕਾਰ ਪਸੰਦ ਕਰਕੇ ਗਈ ਸੀ। ਉਸੇ ਦੌਰਾਨ ਮਹਿਲਾ ਨੇ ਕਾਰ ਦੀ ਟੈਸਟ ਡ੍ਰਾਈਵ ਵੀ ਕੀਤੀ ਸੀ। ਇਸ ਤੋਂ ਬਾਅਦ ਮਹਿਲਾ 15 ਹਜ਼ਾਰ ਯੂਰੋ ਦੇ ਜਾਅਲੀ ਨੋਟਾਂ ਨਾਲ ਸ਼ੋਅਰੂਮ ਪਹੁੰਚ ਗਈ। ਪਰ ਜਦੋਂ ਸ਼ੋਅਰੂਮ ਦੇ ਵਰਕਰ ਨੇ ਨੋਟਾਂ ਦੀ ਗਿਣਤੀ ਕਰਨੀ ਸ਼ੁਰੂ ਕੀਤੀ ਤਾਂ ਉਸ ਨੂੰ ਨੋਟਾਂ 'ਤੇ ਫੈਲੀ ਹੋਈ ਸਿਆਹੀ ਨਜ਼ਰ ਆਈ।


ਨੋਟਾਂ 'ਤੇ ਸਿਆਹੀ ਫੈਲੀ ਵੇਖ ਕੇ ਵਰਕਰ ਨੂੰ ਨੋਟਾਂ ਦੇ ਨਕਲੀ ਹੋਣ ਦਾ ਸ਼ੱਕ ਹੋਇਆ। ਉਸ ਨੇ ਤੁਰੰਤ ਜਾਅਲੀ ਨੋਟਾਂ ਦੀ ਪਛਾਣ ਕਰ ਲਈ ਤੇ ਪੁਲਿਸ ਨੂੰ ਬੁਲਾਇਆ। ਪੁਲਿਸ ਨੇ ਉਸ ਮਹਿਲਾ ਦੀ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਜਾਅਲੀ ਨੋਟਾਂ ਦੀ ਪ੍ਰਿਟਿੰਗ ਘਰ ਦੇ ਪ੍ਰਿੰਟਰ ਨਾਲ ਹੀ ਕੀਤੀ ਸੀ। ਇਸ ਅਪਰਾਧ ਲਈ ਮਹਿਲਾ ਨੂੰ ਤਿੰਨ ਮਹੀਨੇ ਦੀ ਜੇਲ੍ਹ ਹੋ ਸਕਦੀ ਹੈ।