ਦਰਅਸਲ, ਭਾਰਤ ਤੋਂ ਵਹਿੰਦੀਆਂ ਤਿੰਨ ਨਦੀਆਂ ਸਤਲੁਜ, ਰਾਵੀ ਤੇ ਬਿਆਸ ਦਾ ਪਾਣੀ ਪਾਕਸਿਤਾਨ ਜਾਂਦਾ ਹੈ। ਵੀਰਵਾਰ ਨੂੰ ਕੇਂਦਰੀ ਸੜਕੀ ਆਵਾਜਾਈ ਤੇ ਜਲ ਸਰੋਤ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਿੰਧੂ ਜਲ ਸਮਝੌਤੇ ਤਹਿਤ ਤਿੰਨਾਂ ਨਦੀਆਂ ਤੋਂ ਪਾਕਿਸਤਾਨ ਨੂੰ ਮਿਲਣ ਵਾਲੇ ਪਾਣੀ ਨੂੰ ਬੰਦ ਕੀਤਾ ਜਾ ਰਿਹਾ ਹੈ। ਸਿੰਧ ਜਲ ਸਮਝੌਤਾ ਤਹਿਤ 19 ਸਤੰਬਰ 1960 ਨੂੰ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਪਾਕਿਸਤਾਨੀ ਰਾਸ਼ਟਰਪਤੀ ਅਯੂਬ ਖ਼ਾਨ ਨੇ ਦਸਤਖ਼ਤ ਕੀਤੇ ਸਨ। ਸਮਝੌਤੇ ਤਹਿਤ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦਾ ਪਾਣੀ ਭਾਰਤ ਵੱਲੋਂ ਵਰਤਿਆ ਜਾਂਦਾ ਹੈ ਜਦਕਿ ਚਨਾਬ, ਜਿਹਲਮ ਤੇ ਸਿੰਧ ਦੇ ਪਾਣੀਆਂ ਦੀ ਵਰਤੋਂ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ- ਭਾਰਤ-ਪਾਕਿ ਤਣਾਅ ਨਾਲ ਹਜ਼ਾਰਾਂ ਲੋਕਾਂ 'ਤੇ ਬੇਰੁਜ਼ਗਾਰੀ ਦੀ ਤਲਵਾਰ, ਵਪਾਰੀ ਵੀ ਰਗੜੇ
ਹਾਲਾਂਕਿ, ਪੁਲਵਾਮਾ ਹਮਲੇ ਕਰਕੇ ਇਹ ਪਾਣੀ ਬੰਦ ਕੀਤਾ ਗਿਆ ਹੈ, ਇਹ ਦਾਅਵਾ ਸਿਆਸੀ ਵਧੇਰੇ ਹੋ ਸਕਦਾ ਹੈ। ਬੀਤੇ ਸਾਲ ਨਵੰਬਰ ਮਹੀਨੇ ਵਿੱਚ ਭਾਰਤ ਵਿੱਚ ਇਸ ਪਾਣੀ ਨੂੰ ਗੁਆਂਢੀਆਂ ਵੱਲ ਜਾਣ ਤੋਂ ਰੋਕਣ ਲਈ ਤਿੰਨ ਪ੍ਰਾਜੈਕਟਾਂ ਬਾਰੇ ਵਿਸਥਾਰਤ ਰਿਪੋਰਟਾਂ ਆਈਆਂ ਸਨ। ਉਦੋਂ ਦੱਸਿਆ ਗਿਆ ਸੀ ਕਿ ਭਾਰਤ ਨੇ ਦੋ ਡੈਮਾਂ ਦੀ ਉਸਾਰੀ ਸਮੇਤ ਤਿੰਨ ਪ੍ਰਾਜੈਕਟਾਂ ’ਤੇ ਤੇਜ਼ੀ ਨਾਲ ਕੰਮ ਮੁਕੰਮਲ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਜੋ ਸਿੰਧ ਜਲ ਸਮਝੌਤੇ ਤਹਿਤ ਮੁਲਕ ਦੇ ਹਿੱਸੇ ਦਾ ਪਾਣੀ ਪਾਕਿਸਤਾਨ ਜਾਣ ’ਤੇ ਰੋਕ ਲਗਾਈ ਜਾ ਸਕੇ।
ਸਰਕਾਰੀ ਅਧਿਕਾਰੀਆਂ ਨੇ ਦੱਸਿਆ ਸੀ ਕਿ ਤਿੰਨ ਪ੍ਰਾਜੈਕਟਾਂ ’ਚ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ, ਸਤਲੁਜ-ਬਿਆਸ ਲਿੰਕ (ਪੰਜਾਬ) ਅਤੇ ਜੰਮੂ ਕਸ਼ਮੀਰ ’ਚ ਊਝ ਡੈਮ ਪ੍ਰਾਜੈਕਟ ਸ਼ਾਮਲ ਹਨ। ਕੁੱਲ 168 ਮਿਲੀਅਨ ਏਕੜ ਫੁੱਟ ਪਾਣੀਆਂ ’ਚੋਂ ਭਾਰਤ ਦਾ ਹਿੱਸਾ 33 ਮਿਲੀਅਨ ਏਕੜ ਫੁੱਟ ਹੈ ਜੋ ਕਿ ਕਰੀਬ 20 ਫ਼ੀਸਦੀ ਬਣਦਾ ਹੈ। ਸਿੰਧ ਜਲ ਸਮਝੌਤੇ ਤਹਿਤ ਭਾਰਤ ਵੱਲੋਂ ਕਰੀਬ 93-94 ਫ਼ੀਸਦੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਜਦਕਿ ਬਾਕੀ ਦਾ ਅਣਵਰਤਿਆ ਪਾਣੀ ਪਾਕਿਸਤਾਨ ਵੱਲ ਚਲਾ ਜਾਂਦਾ ਹੈ। ਨਿਤਿਨ ਗਡਕਰੀ ਮੁਤਾਬਕ ਹੁਣ ਇਹ ਅਣਵਰਤਿਆ ਪਾਣੀ ਪੰਜਾਬ ਤੇ ਕਸ਼ਮੀਰ ਨੂੰ ਦਿੱਤਾ ਜਾਵੇਗਾ।