ਮਾਸਕੋ: ਭਾਰਤੀ ਫੌਜ ਏਕੇ-47 203 ਰਾਈਫਲਾਂ ਨਾਲ ਲੈਸ ਹੋਏਗੀ। ਏਕੇ-47 203 ਇਸ ਸ਼੍ਰੇਣੀ ਵਿੱਚ ਸਭ ਤੋਂ ਆਧੁਨਿਕ ਤੇ ਐਡਵਾਂਸਡ ਰੂਪ ਹੈ, ਜੋ ਇੰਡੀਅਨ ਸਮਾਲ ਆਰਮਜ਼ ਸਿਸਟਮ (ਇਨਸਾਸ) 5.56x45 ਐਮਐਮ ਅਸਾਲਟ ਰਾਈਫਲ ਦੀ ਥਾਂ ਲਏਗਾ।

ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜਕੱਲ੍ਹ ਰੂਸ ਦੌਰ ’ਤੇ ਹਨ। ਇਸ ਦੌਰੇ ਦੌਰਾਨ ਹੀ ਭਾਰਤ ਤੇ ਰੂਸ ਨੇ ਏਕੇ-47 203 ਰਾਈਫਲਾਂ ਦੇ ਭਾਰਤ ’ਚ ਨਿਰਮਾਣ ਸਬੰਧੀ ਅਹਿਮ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਰੂਸ ਦੀ ਸਰਕਾਰੀ ਖ਼ਬਰ ਏਜੰਸੀ ਸਪੂਤਨਿਕ ਨੇ ਕਿਹਾ ਕਿ ਭਾਰਤੀ ਥਲ ਸੈਨਾ ਨੂੰ 7.70 ਲੱਖ ਏਕੇ-47 203 ਰਾਈਫਲਾਂ ਦੀ ਲੋੜ ਹੈ, ਜਿਨ੍ਹਾਂ ਵਿੱਚੋਂ ਇੱਕ ਲੱਖ ਦਰਾਮਦ ਕੀਤੀਆਂ ਜਾਣਗੀਆਂ ਜਦੋਂਕਿ ਬਾਕੀਆਂ ਦਾ ਭਾਰਤ ਵਿੱਚ ਨਿਰਮਾਣ ਕੀਤਾ ਜਾਵੇਗਾ।

ਏਜੰਸੀ ਨੇ ਕਿਹਾ ਕਿ ਭਾਰਤ ਵਿੱਚ ਏਕੇ-47 ਰਾਈਫਲਾਂ ਦਾ ਨਿਰਮਾਣ ਓਰਡਨੈਂਸ ਫੈਕਟਰੀ ਬੋਰਡ (ਓਐਫਬੀ), ਕਲਾਸ਼ਨੀਕੋਵ ਕੰਸਰਨ ਤੇ ਰੋਸੋਬੋਰੋਨਐਕਸਪੋਰਟ ਵਿਚਾਲੇ ਸਥਾਪਿਤ ਸਾਂਝੇ ਵੈਂਚਰ ਇੰਡੋ-ਰਸ਼ੀਆ ਰਾਈਫਲਜ਼ ਪ੍ਰਾਈਵੇਟ ਲਿਮਟਿਡ (ਆਈਆਰਆਰਪੀਐਲ) ਦੇ ਹਿੱਸੇ ਵਜੋਂ ਕੀਤਾ ਜਾਵੇਗਾ।