ਵਾਸ਼ਿੰਗਟਨ: ਭਾਰਤੀ ਮੂਲ ਦੇ ਵੈਸਲੇ ਮੈਥਿਊਜ ਨੂੰ ਗੋਦ ਲਈ ਹੋਈ 3 ਸਾਲਾਂ ਦੀ ਧੀ ਦੇ ਕਤਲ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਡਲਾਸ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ। ਵੈਸਲੇ ਨੂੰ ਮਰਨ ਤਕ ਜੇਲ੍ਹ ਵਿੱਚ ਰਹਿਣਾ ਪਏਗਾ। ਅਮਰੀਕਾ ਦੇ ਟੈਕਸਾਸ ਰਾਜ ਪ੍ਰਸ਼ਾਸਨ ਨੇ ਕਤਲ ਦੇ ਜ਼ੁਰਮ ਵਿੱਚ ਸੋਮਵਾਰ ਨੂੰ ਵੈਸਲੇ ਨੂੰ ਦੋਸ਼ੀ ਕਰਾਰ ਦਿੱਤਾ ਸੀ।

ਵੈਸਲੇ ਨੂੰ 30 ਸਾਲ ਤਕ ਸਜ਼ਾ ਕੱਟਣ ਬਾਅਦ ਹੀ ਪੈਰੋਲ ਮਿਲ ਸਕੇਗੀ। ਅਮਰੀਕਾ ਵਿੱਚ ਰਹਿ ਰਹੇ ਕੇਰਲ ਨਿਵਾਸੀ ਵੈਸਲੇ ਤੇ ਉਸ ਦੀ ਪਤਨੀ ਸੀਨੀ ਨੇ 2016 ਵਿੱਚ ਸ਼ੈਰਿਨ ਨੂੰ ਬਿਹਾਰ ਦੇ ਮਦਰ ਟੈਰੇਸਾ ਅਨਾਥ ਸੇਵਾ ਆਸ਼ਰਮ ਤੋਂ ਗੋਦ ਲਿਆ ਸੀ।

ਪੁਲਿਸ ਮੁਤਾਬਕ ਵੈਸਲੇ ਨੇ 7 ਅਕਤੂਬਰ, 2017 ਦੀ ਰਾਤ ਨੂੰ ਦੁੱਧ ਨਾ ਪੀਣ ਦੀ ਵਜ੍ਹਾ ਕਰਕੇ ਸ਼ੈਰਿਨ ਨੂੰ ਘਰੋਂ ਕੱਢ ਦਿੱਤਾ। 15 ਦਿਨ ਬਾਅਦ ਡਲਾਸ ਦੇ ਉਪਨਗਰ ਰਿਚਰਡਸਨ ਵਿੱਚ ਇੱਕ ਪੁਲ਼ ਹੇਠੋਂ ਸ਼ੈਰਿਨ ਦੀ ਲਾਸ਼ ਮਿਲੀ ਸੀ। ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦੀ ਵਜ੍ਹਾ ਜਾਨਲੇਵਾ ਹਿੰਸਾ ਦੱਸੀ ਗਈ ਸੀ। ਡਲਾਸ ਕਾਊਂਟੀ ਕੋਰਟ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।

39 ਸਾਲ ਦੇ ਵੈਸਲੇ ਨੇ ਪੁਲਿਸ ਸਾਹਮਣੇ ਆਪਣਾ ਬਿਆਨ ਵੀ ਬਦਲਿਆ ਸੀ। ਉਸ ਨੇ ਕਿਹਾ ਸੀ ਕਿ ਉਹ ਬੱਚੀ ਨੂੰ ਜ਼ਬਰਦਸਤੀ ਦੁੱਧ ਪਿਆ ਰਿਹਾ ਸੀ ਤੇ ਉਦੋਂ ਹੀ ਸਾਹ ਘੁੱਟਣ ਨਾਲ ਉਸ ਦੀ ਮੌਤ ਹੋ ਗਈ। ਇਸ ਦੇ ਬਾਅਦ ਉਹ ਕਾਫੀ ਡਰ ਗਿਆ ਤੇ ਉਸ ਨੇ ਬੱਚੀ ਦੀ ਲਾਸ਼ ਨੂੰ ਇੱਕ ਬੈਗ ਵਿੱਚ ਰੱਖ ਕੇ ਘਰ ਦੇ ਨਜ਼ਦੀਕ ਇੱਕ ਪੁਲ਼ 'ਤੇ ਸੁੱਟ ਦਿੱਤਾ।

ਸ਼ੈਰਿਨ ਦੀ ਲਾਸ਼ ਮਿਲਣ ਪਿੱਛੋਂ ਵੈਸਲੇ ਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬਾਅਦ ਵਿੱਚ ਉਸ ਦੀ ਪਤਨਾ ਖ਼ਿਲਾਫ਼ ਕੋਈ ਸਬੂਤ ਨਾ ਮਿਲਣ ਕਰਕੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਵੈਸਲੇ ਦੇ ਵਕੀਲ ਨੇ ਕਿਹਾ ਕਿ ਉਸ ਦੇ ਖ਼ਿਲਾਫ਼ ਕੋਈ ਵੀ ਸਬੂਤ ਨਹੀਂ, ਉਹ ਬੱਸ ਇਸ ਲਈ ਦੋਸ਼ੀ ਪਾਇਆ ਗਿਆ ਕਿਉਂਕਿ ਉਸ ਨੇ ਐਮਰਜੈਂਸੀ ਨੰਬਰ 911 'ਤੇ ਫ਼ੋਨ ਨਹੀਂ ਕੀਤਾ।