ਚੰਡੀਗੜ੍ਹ: ਫਲੋਰੀਡਾ ਵਿੱਚ ਬੀਤੇ ਦਿਨੀਂ ਇੱਕ ਵਿਦਿਆਰਥੀ ਵੱਲੋਂ ਕੀਤੀ ਫਾਇਰਿੰਗ ਵਿੱਚ ਹੋਰ ਵੀ ਵਿਦਿਆਰਥੀਆਂ ਦੀ ਮੌਤ ਹੋ ਸਕਦੀ ਸੀ, ਜੇਕਰ ਭਾਰਤੀ ਮੂਲ ਦੀ ਅਮਰੀਕੀ ਅਧਿਆਪਕਾ ਸਹੀ ਸਮੇਂ ਬੱਚਿਆਂ ਦਾ ਬਚਾਅ ਨਾ ਕਰਦੀ।
ਭਾਰਤੀ ਮੂਲ ਦੀ ਹਿਸਾਬ ਦੀ ਅਧਿਆਪਕਾ ਸ਼ਾਂਤੀ ਵਿਸ਼ਵਨਾਥਨ ਨੂੰ ਜਦੋਂ ਸਕੂਲ ਵਿੱਚ ਗੋਲ਼ੀਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸ ਨੇ ਤੁਰੰਤ ਆਪਣੀ ਜਮਾਤ ਦੇ ਬੱਚਿਆਂ ਨੂੰ ਕਮਰੇ ਅੰਦਰ ਰੁਕਣ ਲਈ ਕਿਹਾ ਤੇ ਹਮਲਾਵਰ ਦੀ ਨਿਗ੍ਹਾ ਤੋਂ ਬਚਾਉਣ ਲਈ ਦਰਵਾਜ਼ਾ ਬੰਦ ਕਰ ਦਿੱਤਾ।
ਅਮਰੀਕੀ ਮੀਡੀਆ ਮੁਤਾਬਕ ਸ਼ਾਂਤੀ ਦੇ ਇੱਕ ਵਿਦਿਆਰਥੀ ਬ੍ਰਾਇਨ ਦੇ ਮਾਤਾ ਡਾਅਨ ਜਾਰਬੋਇ ਨੇ ਕਿਹਾ ਕਿ ਉਸ ਨੇ ਬੱਚਿਆਂ ਖਾਤਰ ਸਵੈਟ ਟੀਮ 'ਤੇ ਵੀ ਵਿਸ਼ਵਾਸ ਨਾ ਕੀਤਾ। ਜਦੋਂ ਸਵੈਟ ਟੀਮ ਨੇ ਦਰਵਾਜ਼ਾ ਖੋਲ੍ਹਣ ਲਈ ਕਿਹਾ ਤਾਂ ਅਧਿਆਪਕਾ ਨੇ ਇਹ ਕਹਿ ਦਿੱਤਾ ਕਿ ਮੈਂ ਦਰਵਾਜ਼ਾ ਨਹੀਂ ਖੋਲ੍ਹਣਾ ਤੁਸੀਂ ਚਾਬੀ ਲਿਆ ਕੇ ਖੋਲ੍ਹ ਲਓ।
ਇਸ ਤੋਂ ਬਾਅਦ ਟੀਮ ਨੇ ਸਕੂਲ ਦੇ ਦੂਜੇ ਪਾਸੇ ਜਾ ਕੇ ਖਿੜਕੀ ਰਾਹੀਂ ਜਾ ਕੇ ਕਲਾਸਰੂਮ ਖਾਲੀ ਕਰਵਾਇਆ। ਵੈਲੇਨਟਾਈਨ ਡੇਅ ਮੌਕੇ ਇਸੇ ਸਕੂਲ ਦੇ ਸਾਬਕਾ ਵਿਦਿਆਰਥੀ ਨਿਕੋਲਸ ਕਰੂਜ਼ ਨੇ ਏ.ਆਰ.-15 ਆਟੋਮੈਟਿਕ ਰਾਈਫਲ ਨਾਲ 15 ਵਿਦਿਆਰਥੀਆਂ ਤੇ ਦੋ ਸਟਾਫ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।