ਚੰਡੀਗੜ੍ਹ/ਵਾਸ਼ਿੰਗਟਨ: ਅਮਰੀਕਾ ਦੇ ਕੈਲੀਫੋਰਨੀਆ ਸਥਿਤ ਯੋਸਮਾਈਟ ਨੈਸ਼ਨਲ ਪਾਰਕ ਵਿੱਚ ਭਾਰਤੀ ਜੋੜੇ ਦੀ ਮੌਤ ਹੋ ਗਈ। ਦੋਵੇਂ ਪਤੀ ਪਤਨੀ ਇੱਥੇ ਘੁੰਮਣ ਲਈ ਆਏ ਸਨ, ਪਰ ਪਾਰਕ ਦੇ ਟਾਈਫ ਪੁਆਇੰਟ ਤੋਂ 800 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਏ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਦੋਵਾਂ ਦੀ ਪਛਾਣ ਵਿਸ਼ਣੂ ਵਿਸ਼ਵਨਾਥ (29) ਤੇ ਮੀਨਾਕਸ਼ੀ ਮੂਰਤੀ (30) ਵਜੋਂ ਹੋਈ ਹੈ। ਦੋਵਾਂ ਦਾ 2014 ਵਿੱਚ ਵਿਆਹ ਹੋਇਆ ਸੀ।

ਦੱਸਿਆ ਜਾ ਰਿਹਾ ਹੈ ਕਿ ਇਹ ਜੋੜੀ ਹਾਲ ਹੀ ਵਿੱਚ ਨਿਊਯਾਰਕ ਤੋਂ ਸ਼ਿਫਟ ਹੋਇਆ ਸੀ। ਵਿਸ਼ਵਨਾਥ ਸੈਨ ਜੋਸ ਦੀ ਕੰਪਨੀ ਸਿਸਕੋ ਵਿੱਚ ਬਤੌਰ ਸਿਸਟਮ ਇੰਜਨੀਅਰ ਨੌਕਰੀ ਕਰਦਾ ਸੀ। ਮੀਨਾਕਸ਼ੀ ਵੀ ਸਾਫਟਵੇਅਰ ਇੰਜਨੀਅਰ ਸੀ। ਦੋਵਾਂ ਨੂੰ ਘੁੰਮਣ ਤੇ ਨਵੀਆਂ ਥਾਵਾਂ ਦੇਖਣ ਦਾ ਸ਼ੌਕ ਸੀ। ਇਹ ਦੋਵੇਂ ‘ਹੌਲੀਡੇਜ਼ ਐਂਡ ਹੈਪਿਲੀ ਐਵਰ ਆਫਟਰਸ’ ਨਾਂ ਦਾ ਬਲਾਗ ਵੀ ਚਲਾਉਂਦੇ ਸਨ।

ਨੈਸ਼ਨਲ ਪਾਰਕ ਦੇ ਰੇਂਜਰਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਖੱਡ ਵਿੱਚੋਂ ਕੱਢ ਲਿਆ ਹੈ। ਪਾਰਕ ਦੇ ਅਧਿਕਾਰੀ ਜੈਮੀ ਰਿਚਰਡਸ ਦਾ ਕਹਿਣਾ ਹੈ ਕਿ ਇਸ ਗੱਲ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਕਿ ਆਖਰ ਕਿਸ ਤਰ੍ਹਾਂ ਦੋਵੇਂ ਉਸ ਖੱਡ ਵਿੱਚ ਡਿੱਗ ਗਏ। ਉਨ੍ਹਾਂ ਕਿਹਾ ਕਿ ਪੁਲਿਸ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਮੁਤਾਬਕ ਇਹ ਘਟਨਾ ਅਚਾਨਕ ਹੋਈ ਹੈ।