ਬਰਲਿਨ: ਜਰਮਨੀ ਵਿੱਚ ਕਸ਼ਮੀਰੀ ਤੇ ਸਿੱਖ ਗਰੁੱਪਾਂ ਦੀ ਜਾਸੂਸੀ ਕਰਨੀ ਭਾਰਤੀ ਜੋੜੇ ਨੂੰ ਮਹਿੰਗੀ ਪੈ ਗਈ ਹੈ। ਇਸ ਜੋੜੇ ਉੱਪਰ ਇਲਜ਼ਾਮ ਹਨ ਕਿ ਉਹ ਕਸ਼ਮੀਰੀ ਤੇ ਸਿੱਖ ਗਰੁੱਪਾਂ ਬਾਰੇ ਸੂਚਨਾ ਭਾਰਤੀ ਖੁਫੀਆਂ ਏਜੰਸੀ ਨੂੰ ਮੁਹੱਈਆ ਕਰਵਾ ਰਹੇ ਸੀ। ਇਸ ਭਾਰਤੀ ਜੋੜੇ ਖ਼ਿਲਾਫ਼ ਜਰਮਨੀ ਦੇ ਸ਼ਹਿਰ ਫਰੈਂਕਫਰਟ ’ਚ ਮੁਕੱਦਮਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ’ਤੇ ਜੇਕਰ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਘੱਟੋ ਘੱਟ 10 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।


ਹਾਸਲ ਜਾਣਕਾਰੀ ਅਨੁਸਾਰ ਮਨਮੋਹਨ ਸਿੰਘ ਤੇ ਉਸ ਦੀ ਪਤਨੀ ਕੰਵਲਜੀਤ ਕੌਰ ਨੂੰ ਇਸ ਸਾਲ ਅਪਰੈਲ ’ਚ ਵਿਦੇਸ਼ ’ਚ ਖੁਫੀਆ ਕਾਰਵਾਈ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਖ਼ਿਲਾਫ਼ ਫਰੈਂਕਫਰਟ ਦੀ ਖੇਤਰੀ ਅਦਾਲਤ ’ਚ ਮੁਕੱਦਮਾ ਸ਼ੁਰੂ ਹੋਇਆ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਮਨਮੋਹਨ (50) ਜਨਵਰੀ 2015 ਤੋਂ ਜਰਮਨੀ ’ਚ ਰਹਿੰਦੇ ਕਸ਼ਮੀਰੀ ਤੇ ਸਿੱਖ ਗਰੁੱਪਾਂ ਬਾਰੇ ਜਾਣਕਾਰੀ ਰਾਅ ਨੂੰ ਦੇ ਰਿਹਾ ਸੀ ਜਦਕਿ ਉਸ ਦੀ ਪਤਨੀ ਕੰਵਲਜੀਤ ਕੌਰ (51) ਜੁਲਾਈ 2017 ਤੋਂ ਉਸ ਦਾ ਸਾਥ ਦੇ ਰਹੀ ਸੀ। ਰਿਪੋਰਟਾਂ ਅਨੁਸਾਰ ਇਸ ਕੰਮ ਬਦਲੇ ਰਾਅ ਵੱਲੋਂ ਦੋਵਾਂ ਨੂੰ 7,974 ਡਾਲਰ ਦਾ ਭੁਗਤਾਨ ਵੀ ਕੀਤਾ ਗਿਆ ਸੀ। ਕੇਸ ਦੀ ਅਗਲੀ ਸੁਣਵਾਈ 12 ਦਸੰਬਰ ਨੂੰ ਰੱਖੀ ਗਈ ਹੈ।