UK Election 2024: ਬਰਤਾਨੀਆ ਵਿੱਚ 'ਭਾਰਤੀ' ਸ਼ਾਸਨ ਖਤਮ ਹੋ ਗਿਆ ਹੈ। ਬ੍ਰਿਟਿਸ਼ ਆਮ ਚੋਣਾਂ ਤੋਂ ਬਾਅਦ ਹੋਏ ਐਗਜ਼ਿਟ ਪੋਲ ਸਹੀ ਸਾਬਤ ਹੋਏ ਹਨ। ਕੀਰ ਸਟਾਰਮਰ ਦੀ ਅਗਵਾਈ ਵਾਲੀ ਲੇਬਰ ਪਾਰਟੀ ਨੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਤੋਂ ਕਰਾਰੀ ਹਾਰ ਦਿੱਤੀ ਹੈ। ਰਿਸ਼ੀ ਸੁਨਕ ਨੇ ਆਪਣੀ ਪਾਰਟੀ ਦੀ ਹਾਰ ਕਬੂਲ ਲਈ ਹੈ। 


ਸੁਨਕ ਨੇ ਆਪਣੇ ਸੰਸਦੀ ਖੇਤਰ ਰਿਚਮੰਡ ਤੇ ਉੱਤਰੀ ਐਲਰਟਨ ਵਿੱਚ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, "ਮੈਂ ਇਸ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ ਤੇ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ।" ਸੁਨਕ ਨੇ ਕਿਹਾ ਕਿ ਮੈਂ ਕੀਰ ਸਟਾਰਮਰ ਨੂੰ ਲੇਬਰ ਪਾਰਟੀ ਦੀ ਜਿੱਤ 'ਤੇ ਵਧਾਈ ਦੇਣ ਲਈ ਫੋਨ ਕੀਤਾ ਹੈ। ਅੱਜ ਸ਼ਾਂਤੀਪੂਰਵਕ ਢੰਗ ਨਾਲ ਸੱਤਾ ਦਾ ਤਬਾਦਲਾ ਹੋਵੇਗਾ। 


ਲੇਬਰ ਪਾਰਟੀ ਦਾ ਬਹੁਮਤ ਹਾਸਲ ਕਰਨਾ ਬ੍ਰਿਟੇਨ ਦੇ ਵੋਟਰਾਂ ਦੀ ਬਦਲਦੀ ਸੋਚ ਦਾ ਪ੍ਰਤੀਬਿੰਬ ਮੰਨਿਆ ਜਾ ਰਿਹਾ ਹੈ। ਹੁਣ ਤੱਕ ਦੇ ਨਤੀਜਿਆਂ ਅਨੁਸਾਰ 650 ਵਿੱਚੋਂ 559 ਸੀਟਾਂ ’ਤੇ ਨਤੀਜੇ ਐਲਾਨੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਲੇਬਰ ਪਾਰਟੀ ਨੇ 378 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਇੱਕ ਮਜ਼ਦੂਰ ਪਿਤਾ ਦਾ ਪੁੱਤਰ ਕੀਰ ਸਟਾਰਮਰ ਹੁਣ ਬ੍ਰਿਟੇਨ ਦਾ ਅਗਲਾ ਪ੍ਰਧਾਨ ਮੰਤਰੀ ਬਣੇਗਾ।


ਕੀਰ ਸਟਾਰਮਰ ਕੌਣ ?


ਬਰਤਾਨੀਆ ਵਿੱਚ ਲੇਬਰ ਪਾਰਟੀ ਨੂੰ ਸ਼ਾਨਦਾਰ ਜਿੱਤ ਮਿਲਣ ਦੀ ਸੰਭਾਵਨਾ ਨੂੰ ਇੱਕ ਵੱਡਾ ਚਮਤਕਾਰ ਮੰਨਿਆ ਜਾ ਰਿਹਾ ਹੈ। ਇਹ ਚਮਤਕਾਰ ਕੀਰ ਸਟਾਰਮਰ ਦੀ ਅਗਵਾਈ ਹੇਠ ਲੇਬਰ ਪਾਰਟੀ ਨੇ ਕੀਤਾ ਹੈ। ਅਪ੍ਰੈਲ 2020 ਵਿੱਚ ਖੱਬੇਪੱਖੀ ਜੇਰੇਮੀ ਕੋਰਬੀਨ ਦੀ ਥਾਂ ਲੇਬਰ ਪਾਰਟੀ ਦੀ ਕਮਾਨ ਸੰਭਾਲਣ ਵਾਲੇ ਸਟਾਰਮਰ ਹੁਣ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣਨਗੇ। 


ਸਟਾਰਮਰ ਦਾ ਜਨਮ 1963 ਵਿੱਚ ਸਰੀ ਵਿੱਚ ਇੱਕ ਮਜ਼ਦੂਰ-ਸ਼੍ਰੇਣੀ ਦੇ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਪਿਤਾ ਔਜਾਰ ਬਣਾਉਣ ਵਾਲਾ ਸੀ ਤੇ ਮਾਂ ਇੱਕ ਨਰਸ ਸੀ। ਸਟਾਰਮਰ ਦੇ ਮਾਤਾ-ਪਿਤਾ ਸਮਾਜਵਾਦ ਵਿੱਚ ਵਿਸ਼ਵਾਸ ਰੱਖਦੇ ਸਨ। ਇਸ ਲਈ ਉਨ੍ਹਾਂ ਨੇ ਲੇਬਰ ਪਾਰਟੀ ਦੇ ਸੰਸਥਾਪਕ ਕੀਰ ਹਾਰਡੀ ਨੂੰ ਸ਼ਰਧਾਂਜਲੀ ਵਜੋਂ ਸਟਾਰਮਰ ਦੇ ਨਾਮ ਵਿੱਚ 'ਕੀਰ' ਸ਼ਬਦ ਜੋੜਿਆ। 


ਬਹੁਤ ਗਰੀਬੀ ਵਿੱਚ ਆਪਣਾ ਬਚਪਨ ਬਿਤਾਉਣ ਦੇ ਬਾਵਜੂਦ, ਸਟਾਰਮਰ ਇੱਕ ਵਕੀਲ ਬਣਨ ਵਿੱਚ ਸਫਲ ਰਹੇ। ਉਨ੍ਹਾਂ ਨੇ ਆਪਣੇ ਕਿੱਤੇ ਵਿੱਚ ਕਾਫੀ ਤਵੱਜੋਂ ਪ੍ਰਾਪਤ ਕੀਤੀ ਤੇ ਇਸ ਪ੍ਰਸਿੱਧੀ ਕਾਰਨ ਉਹ 52 ਸਾਲ ਦੀ ਉਮਰ ਵਿੱਚ ਸਾਲ 2015 ਵਿੱਚ ਹੋਲਬੋਰਨ ਤੇ ਸੇਂਟ ਪੈਨਕ੍ਰਾਸ ਤੋਂ ਸੰਸਦ ਮੈਂਬਰ ਚੁਣੇ ਗਏ। ਲੇਬਰ ਪਾਰਟੀ ਦੇ ਮੁਖੀ ਬਣਨ ਤੋਂ ਪਹਿਲਾਂ, ਸਟਾਰਮਰ ਨੇ ਜੇਰੇਮੀ ਕੋਰਬੀਨ ਦੇ ਅਧੀਨ ਬ੍ਰੈਕਸਿਟ ਸਕੱਤਰ ਵਜੋਂ ਵੀ ਕੰਮ ਕੀਤਾ। ਦੱਸ ਦਈਏ ਕਿ ਬ੍ਰੈਗਜ਼ਿਟ ਉਸ ਪ੍ਰਕਿਰਿਆ ਨੂੰ ਦਿੱਤਾ ਗਿਆ ਨਾਮ ਸੀ ਜਿਸ ਤਹਿਤ ਬ੍ਰਿਟੇਨ ਨੇ ਯੂਰਪੀ ਸੰਘ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਸੀ।


ਐਗਜ਼ਿਟ ਪੋਲ 'ਚ ਲੇਬਰ ਪਾਰਟੀ ਨੂੰ 410 ਸੀਟਾਂ ਮਿਲੀਆਂ



ਬ੍ਰਿਟੇਨ 'ਚ ਵੀਰਵਾਰ ਰਾਤ 10 ਵਜੇ (ਬ੍ਰਿਟਿਸ਼ ਸਮਾਂ) ਤੱਕ ਹਾਊਸ ਆਫ ਕਾਮਨਜ਼ (ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ) ਦੀਆਂ 650 ਸੀਟਾਂ ਲਈ ਵੋਟਿੰਗ ਹੋਈ। ਇਸ ਸਮੇਂ ਦੌਰਾਨ ਵੋਟਰਾਂ ਨੇ 650 ਸੰਸਦ ਮੈਂਬਰਾਂ ਨੂੰ ਚੁਣਨ ਲਈ ਆਪਣੀ ਵੋਟ ਦੀ ਵਰਤੋਂ ਕੀਤੀ ਜੋ ਅਗਲੇ 5 ਸਾਲਾਂ ਲਈ ਉਨ੍ਹਾਂ ਦੀ ਨੁਮਾਇੰਦਗੀ ਕਰਨਗੇ। 


ਵੋਟਿੰਗ ਤੋਂ ਬਾਅਦ ਸਾਹਮਣੇ ਆਏ ਐਗਜ਼ਿਟ ਪੋਲ 'ਚ ਲੇਬਰ ਪਾਰਟੀ ਨੂੰ 410 ਤੇ ਕੰਜ਼ਰਵੇਟਿਵ ਪਾਰਟੀ ਨੂੰ 131 ਸੀਟਾਂ ਮਿਲਣ ਦੀ ਉਮੀਦ ਜਤਾਈ ਗਈ ਸੀ। ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਦਾਅਵਾ ਕਰਨ ਲਈ ਹਾਊਸ ਆਫ਼ ਕਾਮਨਜ਼ ਵਿੱਚ 326 ਸੀਟਾਂ ਦਾ ਬਹੁਮਤ ਚਾਹੀਦਾ ਹੈ।


ਕੰਜ਼ਰਵੇਟਿਵ ਪਾਰਟੀ ਦਾ 200 ਸਾਲਾਂ 'ਚ ਸਭ ਤੋਂ ਖਰਾਬ ਪ੍ਰਦਰਸ਼ਨ


ਐਗਜ਼ਿਟ ਪੋਲ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਜੇਕਰ ਇਹ ਐਗਜ਼ਿਟ ਪੋਲ ਸਹੀ ਸਾਬਤ ਹੁੰਦਾ ਹੈ ਤਾਂ ਕੰਜ਼ਰਵੇਟਿਵ ਪਾਰਟੀ ਨਾ ਸਿਰਫ਼ ਸੱਤਾ ਤੋਂ ਹੱਥ ਧੋ ਬੈਠੇਗੀ, ਸਗੋਂ ਇਹ ਪਿਛਲੇ 200 ਸਾਲਾਂ ਦੇ ਇਤਿਹਾਸ ਵਿੱਚ ਪਾਰਟੀ ਦੀ ਸਭ ਤੋਂ ਵੱਡੀ ਕਰਾਰੀ ਹਾਰ ਹੋਵੇਗੀ। ਇਸ ਤੋਂ ਪਹਿਲਾਂ 1906 ਵਿੱਚ ਪਾਰਟੀ ਨੂੰ ਅਜਿਹੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ 14 ਸਾਲਾਂ ਤੋਂ ਲਗਾਤਾਰ ਸੱਤਾ 'ਚ ਹੈ। ਹਾਲਾਂਕਿ ਇਸ ਦੌਰਾਨ ਪਾਰਟੀ ਨੂੰ 5 ਵਾਰ ਨਵਾਂ ਪ੍ਰਧਾਨ ਮੰਤਰੀ ਚੁਣਨਾ ਪਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਸੱਤਾ ਤੋਂ ਹਟਣ ਨਾਲ ਬ੍ਰਿਟੇਨ ਦੀਆਂ ਨੀਤੀਆਂ 'ਤੇ ਵੱਡੇ ਪੱਧਰ 'ਤੇ ਅਸਰ ਪਵੇਗਾ।