ਇੰਡਿਆਨਪੋਲਿਸ: ਅਮਰੀਕਾ ਦੇ ਸੂਬੇ ਇੰਡਿਆਨਾ ਵਿੱਚ ਲੰਮੇ ਸਮੇਂ ਬਾਅਦ ਇੱਕ ਫਰਟਿਲਿਟੀ ਡਾਕਟਰ ਵੱਲੋਂ ਆਪਣੇ ਹੀ ਸ਼ੁਕਰਾਣੂੰਆਂ ਨਾਲ ਦਰਜਨਾਂ ਔਰਤਾਂ ਨੂੰ ਗਰਭਵਤੀ ਬਣਾਉਣ ਤੋਂ ਬਾਅਦ ਉਸ ਵੱਲੋਂ ਪੈਦਾ ਕੀਤੇ ਬੱਚੇ ਅਦਾਲਤ ਪਹੁੰਚ ਗਏ ਹਨ। ਹਾਲਾਂਕਿ, ਇਸ ਮਾਮਲੇ ਤੋਂ ਬਾਅਦ ਡਾਕਟਰ ਡੋਨਾਲਡ ਕਲਾਇਨ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਸੀ। ਹੁਣ ਅਦਾਲਤ ਨੇ ਉਸ ਦੀ ਲਾਇਸੰਸ ਮੁੜ ਤੋਂ ਜਾਰੀ ਕਰਨ ਦੀ ਮੰਗ ਰੱਦ ਕਰ ਦਿੱਤੀ ਹੈ। ਉਸ ਕਰਕੇ ਇਸ ਦੁਨੀਆ 'ਤੇ ਆਏ ਬੱਚੇ ਉਸ ਲਈ ਸਜ਼ਾ ਚਾਹੁੰਦੇ ਹਨ, ਪਰ ਮੌਜੂਦਾ ਕਾਨੂੰਨ ਤਹਿਤ ਉਸ ਨੂੰ ਸਜ਼ਾ ਨਹੀਂ ਹੋ ਸਕਦੀ।
ਸਾਲ 2009 ਵਿੱਚ 79 ਸਾਲਾ ਕਲਾਇਨ ਸੇਵਾਮੁਕਤ ਹੋਇਆ ਸੀ ਤੇ ਉਦੋਂ ਉਸ ਨੂੰ ਇੱਕ ਸਾਲ ਲਈ ਮੁਅੱਤਲ ਵੀ ਕਰ ਦਿੱਤਾ ਗਿਆ ਸੀ। ਉਸ 'ਤੇ ਦੋਸ਼ ਹੈ ਸੀ ਕਿ ਉਸ ਨੇ ਤਕਰੀਬਨ ਦਰਜਨ ਔਰਤਾਂ ਨੂੰ ਗ਼ੈਰ ਕੁਦਰਤੀ ਤਰੀਕੇ ਨਾਲ ਗਰਭ ਧਾਰਨ ਕਰਵਾਉਣ ਲਈ ਆਪਣੇ ਸ਼ੁਕਰਾਣੂੰ ਵਰਤੇ ਸਨ, ਜਦਕਿ ਉਸ ਨੇ ਉਨ੍ਹਾਂ ਸਾਹਮਣੇ ਇਹ ਕਿਸੇ ਅਨਜਾਣ ਵਿਅਕਤੀ ਦੇ ਸ਼ੁਕਰਾਣੂੰ ਹੋਣ ਦਾ ਦਾਅਵਾ ਕੀਤਾ ਸੀ।
ਕਲਾਇਨ ਤੋਂ ਇਲਾਜ ਕਰਵਾਉਣ ਵਾਲੀਆਂ ਦੇ ਡੀਐਨਏ ਟੈਸਟ ਤੋਂ ਪਤਾ ਲੱਗਾ ਹੈ ਕਿ ਉਹ ਤਕਰੀਬਨ 20 ਬੱਚਿਆਂ ਦਾ ਬਾਪ ਬਣ ਚੁੱਕਾ ਹੈ। ਹਾਲਾਂਕਿ, ਅਦਾਲਤੀ ਦਸਤਾਵੇਜ਼ਾਂ ਮੁਤਾਬਕ ਕਲਾਇਨ ਵੱਲੋਂ ਸਿਰਫ ਪੈਦਾ ਕੀਤੀ (ਬਾਇਲੌਜੀਕਲ) ਪੁੱਤਰੀ ਜੈਕੋਬਾ ਬਾਲਾਰਡ ਨੇ ਦੱਸਿਆ ਕਿ ਡਾਕਟਰ ਨੇ 1970 ਤੇ 1980 ਦਰਮਿਆਨ ਅਜਿਹਾ 50 ਵਾਰ ਕੀਤਾ ਸੀ। ਬਾਲਾਰਡ ਵੀ ਡਾਕਟਰ ਵਿਰੁੱਧ ਜਾਰੀ ਸੁਣਵਾਈ ਦੌਰਾਨ ਉਸ ਖਿਲਾਫ਼ ਭੁਗਤਣ ਲਈ ਅਦਾਲਤ ਪਹੁੰਚੀ ਹੋਈ ਸੀ। ਉਸ ਨੇ ਦੱਸਿਆ ਕਿ ਕਲਾਇਨ ਦੇ ਕਾਰੇ ਨੇ ਉਸ ਨੂੰ ਹਰ ਪਾਸਿਓਂ ਪ੍ਰਭਾਵਿਤ ਕੀਤਾ ਹੈ।
ਕਲਾਇਨ ਵਿਰੁੱਧ ਬਿਆਨ ਦੇਣ ਲਈ ਉਸ ਦੇ ਤਕਰੀਬਨ 10 ਬੱਚੇ ਆਪਣੀਆਂ ਮਾਵਾਂ ਨਾਲ ਪਹੁੰਚੇ ਹੋਏ ਸਨ। ਦਰਅਸਲ, ਇਸ ਸੁਣਵਾਈ ਦੌਰਾਨ ਕਲਾਇਨ ਪੀੜਤ ਬੱਚੇ ਇੰਡੀਆਨਾ ਦੇ ਕਾਨੂੰਨਘਾੜਿਆਂ ਉੱਪਰ ਅਜਿਹਾ ਕਾਨੂੰਨ ਬਣਾਉਣ ਲਈ ਦਬਾਅ ਪਾ ਰਹੇ ਹਨ ਜਿਸ ਤਹਿਤ ਕਿਸੇ ਹੋਰ ਦੇ ਸ਼ੁਕਰਾਣੂੰ ਨੂੰ ਆਪਣਾ ਦੱਸ ਇਲਾਜ ਕਰਵਾਉਣ ਆਈਆਂ ਔਰਤਾਂ ਨੂੰ ਗਰਭਵਤੀ ਬਣਾਉਣ ਵਾਲੇ ਡਾਕਟਰ ਦੇ ਕਾਰੇ ਨੂੰ ਜੁਰਮ ਠਹਿਰਾਇਆ ਜਾ ਸਕੇ ਤੇ ਉਸ ਨੂੰ ਸਜ਼ਾ ਹੋ ਸਕੇ।