ਵਾਸ਼ਿੰਗਟਨ: ਕਮਲਾ ਹੈਰਿਸ ਦੇ ਅਮਰੀਕਾ ਦੇ ਉੱਪ ਰਾਸ਼ਟਰਪਤੀ ਬਣਨ ਤੋਂ ਬਾਅਦ ਇਸ ਦੇਸ਼ ’ਚ ਵੱਸਦੇ ਭਾਰਤੀ ਮੂਲ ਦੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਦੇਸ਼ ਦੀ ਸਿਆਸਤ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਦਿਲਚਸਪੀ ਹੋਰ ਵਧੇਗੀ। ਸ਼ਾਇਦ ਇਸੇ ਲਈ ਭਾਰਤੀ ਮੂਲ ਦੇ ਘੱਟੋ-ਘੱਟ 10 ਉਮੀਦਵਾਰ ਸ਼ਿਕਾਗੋ (ਇਲੀਨੋਇ) ਇਲਾਕੇ ’ਚ ਸਥਾਨਕ ਚੋਣਾਂ ਲੜ ਰਹੇ ਹਨ।


ਇਨ੍ਹਾਂ ਵਿੱਚ ਸੰਸਦੀ ਚੋਣਾਂ ਲਈ ਇੱਕ ਸਾਬਕਾ ਉਮੀਦਵਾਰ ਤੇ ਚੋਟੀ ਦੇ ਇੱਕ ਡਾਕਟਰ ਵੀ ਸ਼ਾਮਲ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪ੍ਰਵਾਸੀ ਭਾਰਤੀਆਂ ’ਚ ਸਿਆਸੀ ਪ੍ਰਕਿਰਿਆ ਦਾ ਹਿੱਸਾ ਬਣਨ ਦੀ ਇੱਛਾ ਵਧ ਰਹੀ ਹੈ। ਸ਼ਿਕਾਗੋ ਇਲਾਕੇ ’ਚ ਸਥਾਨਕ ਚੋਣਾਂ ਲੜ ਰਹੇ ਭਾਰਤੀ ਮੂਲ ਦੇ 10 ਉਮੀਦਵਾਰਾਂ ’ਚੋਂ 5 ਮਹਿਲਾਵਾਂ ਹਨ। ਵੋਟਾਂ ਆਉਂਦੀ 6 ਅਪ੍ਰੈਲ ਨੂੰ ਪੈਣੀਆਂ ਤੈਅ ਹਨ।


ਪ੍ਰਵਾਸੀ ਭਾਰਤੀਆਂ ਦੇ ਆਗੂ ਜਤਿੰਦਰ ਦਿਗਾਂਵਕਰ ਮਾਇਨੇ ਹਾਈਵੇ ਕਮਿਸ਼ਨਰ ਦੇ ਅਹੁਦੇ ਲਈ ਚੋਣ ਲੜ ਰਹੇ ਹਨ। ਇੰਝ ਹੀ ‘ਅਮੈਰਿਕਨ ਐਸੋਸੀਏਸ਼ਨ ਆਫ਼ ਫ਼ਿਜ਼ੀਸ਼ੀਅਨਜ਼ ਆਫ਼ ਇੰਡੀਅਨ ਓਰਿਜਿਨ’ ਦੇ ਸਾਬਕਾ ਪ੍ਰਧਾਨ ਡਾ. ਸੁਰੇਸ਼ ਰੇੱਡੀ ਸ਼ਿਕਾਗੋ ਤੋਂ 15 ਕੁ ਮੀਲ ਦੀ ਦੂਰੀ ਉੱਤੇ ਸਥਿਤ ਓਕ ਬਰੁੱਕ ਸ਼ਹਿਰ ’ਚ ਟ੍ਰੱਸਟੀ ਦੀ ਇੱਕ ਸੀਟ ਲਈ ਚੋਣ ਲੜ ਰਹੇ ਹਨ।


ਨਿਮਿਸ਼ ਜਾਨੀ ਸ਼ੌਮਬਰਗ ਟਾਊਨਸ਼ਿਪ ਦੇ ਟ੍ਰੱਸਟੀ ਤੇ ਸਈਅਦ ਹੁਸੈਨੀ ਹੈਨੋਵਰ ਪਾਰਕ ਟਾਊਨਸ਼ਿਪ ਦੇ ਟ੍ਰੱਸਟੀ ਦੀ ਚੋਣ ਲੜ ਰਹੇ ਹਨ। ਸਮਿਤੇਸ਼ ਸ਼ਾਹ ਮਾਇਨੇ ਟਾਊਨਸ਼ਿਪ ਲਈ ਕਲਰਕ ਦੇ ਅਹੁਦੇ ਵਾਸਤੇ ਚੋਣ ਲੜ ਰਹੇ ਹਨ।


ਵਸਾਵੀ ਚੱਕਾ ਨੇਵਰਵਿਲੇ ਸਿਟੀ ਕੌਂਸਲ ਲਈ, ਮੇਘਨਾ ਬਾਂਸਲ ਵ੍ਹੀਟਲੈਂਡ ਟਾਊਨਸ਼ਿਪ ਟ੍ਰੱਸਟੀ ਦੇ ਅਹੁਦੇ ਲਈ ਅਤੇ ਸ਼ਵੇਤਾ ਬਾਇਰ ਅਰੋੜ 10 ਨੰਬਰ ਵਾਰਡ ਆਲਡਰਮੈਨ ਲਈ ਚੋਣ ਲੜਨ ਵਾਸਤੇ ਮੈਦਾਨ ’ਚ ਨਿੱਤਰੇ ਹੋਏ ਹਨ।


ਸਪਨਾ ਜੈਨ ਤੇ ਸਬਾ ਹੈਦਰ ਜ਼ਿਲ੍ਹਾ 204 ਸਕੂਲ ਬੋਰਡ ਦੀ ਚੋਣ ਲੜ ਰਹੇ ਹਨ। ਇਸ ਸਥਿਤੀ ਬਾਰੇ ਖ਼ਬਰ ਏਜੰਸੀ ‘ਪੀਟੀਆਈ’ ਨਾਲ ਗੱਲਬਾਤ ਦੌਰਾਨ ਜਤਿੰਦਰ ਦਿਗਾਂਵਕਰ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਭਾਰਤੀ ਮੂਲ ਦੇ ਉਮੀਦਵਾਰ ਇੰਨੀ ਵੱਡੀ ਗਿਣਤੀ ’ਚ ਚੋਣ ਮੈਦਾਨ ’ਚ ਵੇਖੇ ਜਾ ਰਹੇ ਹਨ।


ਦਿਗਾਂਵਕਰ ਨੇ ਦੱਸਿਆ ਕਿ ਉਹ 1999 ’ਚ ਅਮਰੀਕਾ ਦੇ ਦੇਸ ਪਲੇਨਜ਼ ਤੇ ਮਾਇਨੇ ਟਾਊਨਸ਼ਿਪ ਇਲਾਕਿਆਂ ’ਚ ਆ ਵੱਸੇ ਸਨ ਤੇ 2003 ’ਚ ਅਮਰੀਕਾ ਦੇ ਨਾਗਰਿਕ ਵੀ ਬਣ ਗਏ ਸਨ। ਕੁਝ ਸਾਲ ਪਹਿਲਾਂ ਉਹ ਭਾਰਤੀ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਵਿਰੁੱਧ ਰੀਪਬਲਿਕਨ ਪਾਰਟੀ ਦੀ ਤਰਫ਼ੋਂ ਸੰਸਦੀ ਚੋਣ ਲਈ ਉਮੀਦਵਾਰ ਸਨ।


ਇਹ ਵੀ ਪੜ੍ਹੋ: Coronavirus in India: ਕੋਰੋਨਾ ਕੇਸਾਂ ਨੇ ਤੋੜੇ ਰਿਕਾਰਡ, ਸਤੰਬਰ-ਅਕਤੂਬਰ ਵਾਲੇ ਬਣੇ ਹਾਲਾਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904