International Mother Language Day: ਹਰ ਸਾਲ ਅੱਜ ਦਾ ਦਿਨ ਵਿਸ਼ਵ ਮਾਂ ਬੋਲੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਾਲ 1999 'ਚ ਯੂਨੈਸਕੋ ਨੇ 21 ਫ਼ਰਵਰੀ ਨੂੰ ਵਿਸ਼ਵ ਮਾਂ ਬੋਲੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਇਹ ਬੰਗਲਾਦੇਸ਼ ਦੀ ਪਹਿਲ 'ਤੇ ਮਨਾਉਣਾ ਸ਼ੁਰੂ ਕੀਤਾ ਗਿਆ ਸੀ। 2000 ਤੋਂ ਪੂਰੇ ਵਿਸ਼ਵ ਨੇ ਮਾਂ ਬੋਲੀ ਦਿਵਸ ਮਨਾਉਣਾ ਸ਼ੁਰੂ ਕਰ ਦਿੱਤਾ। ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਂ-ਬੋਲੀ 'ਤੇ ਕਈ ਦਿਲ ਨੂੰ ਛੂਹ ਲੈਣ ਵਾਲੇ ਸ਼ਬਦ ਕਹੇ ਸਨ। 'ਮਨ ਕੀ ਬਾਤ' ਦੇ 86ਵੇਂ ਐਪੀਸੋਡ 'ਚ ਪੀਐਮ ਮੋਦੀ ਨੇ ਕਿਹਾ ਸੀ ਕਿ ਮਾਂ ਅਤੇ ਮਾਂ ਬੋਲੀ ਮਿਲ ਕੇ ਜ਼ਿੰਦਗੀ ਨੂੰ ਮਜ਼ਬੂਤ ਕਰਦੇ ਹਨ। ਕੋਈ ਵੀ ਮਨੁੱਖ ਆਪਣੀ ਮਾਂ ਅਤੇ ਮਾਂ ਬੋਲੀ ਨੂੰ ਨਹੀਂ ਛੱਡ ਸਕਦਾ। ਨਾ ਹੀ ਇਸ ਤੋਂ ਬਿਨਾਂ ਤਰੱਕੀ ਹੋ ਸਕਦੀ ਹੈ।


ਵਿਸ਼ਵ ਮਾਂ ਬੋਲੀ ਦਿਵਸ ਦਾ ਇਤਿਹਾਸ ਬਹੁਤ ਦਿਲਚਸਪ ਹੈ। ਬੰਗਲਾਦੇਸ਼ 'ਚ 21 ਫਰਵਰੀ ਉਸ ਦਿਨ ਦੀ ਵਰ੍ਹੇਗੰਢ ਹੈ ਜਦੋਂ ਬੰਗਲਾਦੇਸ਼ ਦੇ ਲੋਕਾਂ ਨੇ ਬੰਗਲਾ ਭਾਸ਼ਾ ਨੂੰ ਮਾਨਤਾ ਦਿਵਾਉਣ ਲਈ ਲੜਾਈ ਲੜੀ ਸੀ। ਉਦੋਂ ਇਹ ਪੂਰਬੀ ਪਾਕਿਸਤਾਨ ਹੁੰਦਾ ਸੀ, ਬੰਗਲਾਦੇਸ਼ ਨਹੀਂ। ਜਦੋਂ ਪਾਕਿਸਤਾਨ 1947 'ਚ ਬਣਿਆ ਸੀ, ਇਹ ਭੂਗੋਲਿਕ ਤੌਰ 'ਤੇ 2 ਹਿੱਸਿਆਂ 'ਚ ਵੰਡਿਆ ਗਿਆ ਸੀ - ਪੂਰਬੀ ਪਾਕਿਸਤਾਨ ਅਤੇ ਪੱਛਮੀ ਪਾਕਿਸਤਾਨ। ਪੂਰਬੀ ਪਾਕਿਸਤਾਨ ਬਾਅਦ 'ਚ ਬੰਗਲਾਦੇਸ਼ ਬਣ ਗਿਆ। ਇਹ ਦੋਵੇਂ ਹਿੱਸੇ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਬਿਲਕੁਲ ਵੱਖਰੇ ਸਨ। ਭਾਰਤ ਇਨ੍ਹਾਂ ਦੋਵਾਂ ਨੂੰ ਵੱਖ ਕਰਦਾ ਸੀ।


1948 'ਚ ਪਾਕਿਸਤਾਨ ਸਰਕਾਰ ਨੇ ਉਰਦੂ ਨੂੰ ਪਾਕਿਸਤਾਨ ਦੀ ਰਾਸ਼ਟਰੀ ਭਾਸ਼ਾ ਘੋਸ਼ਿਤ ਕੀਤਾ। ਇਸ ਦੇ ਉਲਟ ਪੂਰਬੀ ਪਾਕਿਸਤਾਨ 'ਚ ਜ਼ਿਆਦਾਤਰ ਲੋਕ ਬੰਗਾਲੀ ਬੋਲਦੇ ਸਨ। ਪੂਰਬੀ ਪਾਕਿਸਤਾਨ ਦੇ ਲੋਕਾਂ ਨੇ ਵਿਰੋਧ ਕੀਤਾ ਕਿਉਂਕਿ ਬੰਗਾਲੀ ਮਾਂ ਬੋਲੀ ਸੀ। ਉਨ੍ਹਾਂ ਦੀ ਮੰਗ ਸੀ ਕਿ ਉਰਦੂ ਤੋਂ ਇਲਾਵਾ ਬੰਗਲਾ ਨੂੰ ਘੱਟੋ-ਘੱਟ ਇੱਕ ਹੋਰ ਰਾਸ਼ਟਰੀ ਭਾਸ਼ਾ ਦਾ ਦਰਜਾ ਮਿਲਣਾ ਚਾਹੀਦਾ ਹੈ। ਇਹ ਮੰਗ ਸਭ ਤੋਂ ਪਹਿਲਾਂ ਧੀਰੇਂਦਰਨਾਥ ਦੱਤ ਨੇ 23 ਫ਼ਰਵਰੀ 1948 ਨੂੰ ਚੁੱਕੀ ਸੀ।


ਪਾਕਿਸਤਾਨ ਸਰਕਾਰ ਨੇ ਇਸ ਵਿਰੋਧ ਨੂੰ ਜ਼ੋਰਦਾਰ ਢੰਗ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ। 21 ਫ਼ਰਵਰੀ 1952 ਨੂੰ ਇਸ ਦੀ ਮੰਗ ਦੇ ਹੱਕ 'ਚ ਕੱਢੀਆਂ ਗਈਆਂ ਰੈਲੀਆਂ 'ਤੇ ਪੁਲਿਸ ਨੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਇਸ 'ਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਸੈਂਕੜੇ ਜ਼ਖ਼ਮੀ ਹੋ ਗਏ ਸਨ। ਇਤਿਹਾਸ 'ਚ ਅਜਿਹਾ ਸ਼ਾਇਦ ਹੀ ਪਹਿਲਾਂ ਹੋਇਆ ਹੋਵੇ ਜਦੋਂ ਲੋਕ ਆਪਣੀ ਮਾਂ ਬੋਲੀ ਲਈ ਜਾਨਾਂ ਵਾਰ ਗਏ ਹੋਣ। ਯੂਨੈਸਕੋ ਨੇ ਇਸ ਨੂੰ ਬੰਗਲਾਦੇਸ਼ੀਆਂ ਦੀ ਤਰਫੋਂ ਭਾਸ਼ਾ ਅੰਦੋਲਨ ਨੂੰ ਸ਼ਰਧਾਂਜਲੀ ਦੇਣ ਲਈ ਹੀ ਮਨਾਉਣ ਦਾ ਐਲਾਨ ਕੀਤਾ ਸੀ।