Iran Hijab News Today : ਕੱਟੜ ਇਸਲਾਮਿਕ ਕਾਇਦੇ ਕਾਨੂੰਨ ਵਾਲੇ ਮੁਲਕ ਈਰਾਨ ਵਿੱਚ ਮਹਿਲਾਵਾਂ ਆਪਣੇ ਅਧਿਕਾਰਾਂ ਲਈ ਲੜ ਰਹੀਆਂ ਹਨ। ਹੁਣ ਇਸ ਦੇਸ਼ ਨੇ ਇਕ ਨਵੇਂ ਕਾਨੂੰਨ ਰਾਹੀਂ ਉਨ੍ਹਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਦਰਅਸਲ, ਈਰਾਨ ਦੀ ਸੰਸਦ ਨੇ ਔਰਤਾਂ ਦੇ ਡਰੈੱਸ ਕੋਡ ਨੂੰ ਲੈ ਕੇ ਨਵਾਂ ਕਾਨੂੰਨ ਬਣਾਇਆ ਹੈ। ਇਸ ਕਾਨੂੰਨ ਤਹਿਤ ਜੇਕਰ ਔਰਤਾਂ ਹਿਜਾਬ ਨਹੀਂ ਪਹਿਨਦੀਆਂ ਹਨ ਤਾਂ ਉਨ੍ਹਾਂ ਨੂੰ 49 ਲੱਖ ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।

 

ਮੀਡੀਆ ਨੇ ਈਰਾਨ ਦੇ ਸੰਸਦ ਮੈਂਬਰ ਹੁਸੈਨੀ ਜਲਾਲੀ ਦੇ ਹਵਾਲੇ ਨਾਲ ਈਰਾਨ ਦੇ ਨਵੇਂ ਕਾਨੂੰਨ ਦੀਆਂ ਇਨ੍ਹਾਂ ਵਿਵਸਥਾਵਾਂ ਦੀ ਪੁਸ਼ਟੀ ਕੀਤੀ ਹੈ। ਜਲਾਲੀ ਨੇ ਕਿਹਾ ਕਿ ਜੁਰਮਾਨੇ ਤੋਂ ਇਲਾਵਾ ਜੇਕਰ ਲੜਕੀਆਂ ਅਤੇ ਔਰਤਾਂ ਨਵੇਂ ਡਰੈੱਸ ਕੋਡ ਦੀ ਪਾਲਣਾ ਨਹੀਂ ਕਰਦੀਆਂ ਹਨ ਤਾਂ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਦੇ ਇੰਟਰਨੈੱਟ ਦੀ ਵਰਤੋਂ 'ਤੇ ਵੀ ਪਾਬੰਦੀ ਲਗਾਈ ਜਾਵੇਗੀ।

 


 

ਹਿਜਾਬ 'ਤੇ ਈਰਾਨ ਸਰਕਾਰ ਦਾ ਨਵਾਂ ਸਖ਼ਤ ਕਾਨੂੰਨ

 

ਇਹ ਨਵਾਂ ਕਾਨੂੰਨ ਉਨ੍ਹਾਂ ਲੋਕਾਂ ਲਈ ਵੱਡਾ ਝਟਕਾ ਹੈ ਜੋ ਪਿਛਲੇ 6 ਮਹੀਨਿਆਂ ਤੋਂ ਈਰਾਨ 'ਚ ਹਿਜਾਬ ਦਾ ਵਿਰੋਧ ਕਰ ਰਹੇ ਹਨ। 2022 ਵਿੱਚ ਇੱਥੇ ਖੁੱਲ੍ਹੇ ਵਿਚਾਰਾਂ ਵਾਲੀਆਂ ਔਰਤਾਂ ਅਤੇ ਕੁੜੀਆਂ ਹਿਜਾਬ ਪਹਿਨਣ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਉਤਰ ਆਈਆਂ ਸਨ। ਇਸ ਦੌਰਾਨ ਪੁਲਿਸ ਅਤੇ ਕੱਟੜਪੰਥੀਆਂ ਵੱਲੋਂ ਕਈ ਲੜਕੀਆਂ ਦੀ ਹੱਤਿਆ ਕਰ ਦਿੱਤੀ। ਈਰਾਨ ਵਿੱਚ ਹਿਜਾਬ ਵਿਰੋਧੀ ਪ੍ਰਦਰਸ਼ਨਾਂ ਦੌਰਾਨ 18 ਸਾਲ ਤੋਂ ਘੱਟ ਉਮਰ ਦੇ ਕਈ ਨੌਜਵਾਨਾਂ ਦੀ ਮੌਤ ਹੋ ਗਈ। ਇਨ੍ਹਾਂ ਘਟਨਾਵਾਂ 'ਤੇ ਪੂਰੀ ਦੁਨੀਆ 'ਚ ਈਰਾਨ ਸਰਕਾਰ ਨੂੰ ਤਾੜਨਾ ਕੀਤੀ ਗਈ ਸੀ।




ਨਾਬਾਲਗਾਂ ਨੂੰ ਦਿੱਤੀ ਗਈ ਮੌਤ ਦੀ ਸਜ਼ਾ  



ਨਾਬਾਲਗਾਂ ਅਤੇ ਔਰਤਾਂ ਦੇ ਵਧਦੇ ਪ੍ਰਦਰਸ਼ਨਾਂ ਕਾਰਨ ਈਰਾਨ ਸਰਕਾਰ ਨੂੰ ਚਿੰਤਾ ਸਤਾਉਣ ਲੱਗੀ। ਪਿਛਲੇ ਕੁਝ ਮਹੀਨਿਆਂ ਵਿੱਚ ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਔਰਤਾਂ ਸੜਕਾਂ 'ਤੇ ਉਤਰ ਆਈਆਂ ਹਨ, ਵੱਡਾ ਪ੍ਰਦਰਸ਼ਨ ਉਦੋਂ ਸ਼ੁਰੂ ਹੋਇਆ ਜਦੋਂ ਇਰਾਨ ਵਿੱਚ ਮਹਿਸਾ ਅਮੀਨੀ ਨਾਮ ਦੀ ਔਰਤ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ, ਇਹ ਘਟਨਾ ਸਤੰਬਰ 2022 ਦੀ ਹੈ, ਜਿਸ ਤੋਂ ਬਾਅਦ ਦੇਸ਼ ਵਿੱਚ ਵਿਆਪਕ ਹਿਜਾਬ ਵਿਰੋਧੀ ਪ੍ਰਦਰਸ਼ਨ ਸ਼ੁਰੂ ਹੋ ਗਏ।

ਮੀਂਹ ਘੱਟ ਹੋਣ ਦੀ ਵਜ੍ਹਾ ਮਹਿਲਾਵਾਂ ਦਾ ਹਿਜਾਬ ਪਹਿਨਣਾ 


ਈਰਾਨ 'ਚ ਇਸਲਾਮਿਕ ਕਾਨੂੰਨਾਂ ਦੇ ਨਾਂ 'ਤੇ ਕੱਟੜਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਮੇਨੀ ਦੇ ਕਰੀਬੀ ਮੁਹੰਮਦ ਮੇਹਦੀ ਹੁਸੈਨੀ ਨੇ ਕਿਹਾ ਸੀ ਕਿ ਘੱਟ ਬਾਰਿਸ਼ ਦਾ ਕਾਰਨ ਔਰਤਾਂ ਦਾ ਹਿਜਾਬ ਨਾ ਪਹਿਨਣਾ ਹੈ। ਉਸ ਨੇ ਦਲੀਲ ਦਿੱਤੀ ਕਿ ਜੇਕਰ ਸਾਰੀਆਂ ਔਰਤਾਂ ਹਿਜਾਬ ਪਹਿਨਣ ਤਾਂ ਅੱਲ੍ਹਾ ਮੀਂਹ ਪਾਵੇਗਾ।