Iran Police Station Attack: ਈਰਾਨ ਦੇ ਸਿਸਤਾਨ ਬਲੂਚਿਸਤਾਨ ਸੂਬੇ ਵਿੱਚ ਇੱਕ ਪੁਲਿਸ ਸਟੇਸ਼ਨ ਉੱਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਈਰਾਨ ਅਤੇ ਪਾਕਿਸਤਾਨ ਆਹਮੋ-ਸਾਹਮਣੇ ਆ ਗਏ ਹਨ। ਇਸ ਹਮਲੇ ਵਿੱਚ 11 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਅੱਤਵਾਦੀ ਸੰਗਠਨ ਜੈਸ਼-ਉਲ-ਅਦਲ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਸੰਗਠਨ ਦੀ ਈਰਾਨ ਦੇ ਦੱਖਣ-ਪੂਰਬੀ ਖੇਤਰ ਵਿਚ ਮੌਜੂਦਗੀ ਹੈ। ਹਮਲੇ ਤੋਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਈਰਾਨ ਨਾਲ ਮਿਲ ਕੇ ਅੱਤਵਾਦ ਨਾਲ ਲੜੇਗਾ।


ਪਾਕਿਸਤਾਨ ਅਤੇ ਦੱਖਣ-ਪੂਰਬੀ ਈਰਾਨ ਦੀਆਂ ਸਰਹੱਦਾਂ ਇੱਕ ਦੂਜੇ ਦੇ ਨਾਲ ਲੱਗਦੀਆਂ ਹਨ। ਇਸ ਸਰਹੱਦ ਨੂੰ ਸਪੱਸ਼ਟ ਕਰਨ ਲਈ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ, ਪਰ ਹੁਣ ਤੱਕ ਕੋਈ ਵੀ ਕੋਸ਼ਿਸ਼ ਸਫਲ ਨਹੀਂ ਹੋਈ ਹੈ।


ਈਰਾਨ ਨੇ ਇਸ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। IRNA ਦੇ ਅਨੁਸਾਰ, ਈਰਾਨ ਦੇ ਗ੍ਰਹਿ ਮੰਤਰੀ ਅਹਿਮਦ ਵਾਹਿਦੀ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਆਪਣੀਆਂ ਸਰਹੱਦਾਂ ਦੇ ਨੇੜੇ ਅੱਤਵਾਦੀ ਸੰਗਠਨਾਂ ਦੇ ਠਿਕਾਣਿਆਂ 'ਤੇ ਰੋਕ ਲਗਾਏ। ਉਨ੍ਹਾਂ ਕਿਹਾ, "ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਅੱਤਵਾਦੀ ਸਰਹੱਦ ਪਾਰ ਤੋਂ ਪਾਕਿਸਤਾਨ ਤੋਂ ਈਰਾਨ ਵਿੱਚ ਦਾਖਲ ਹੋਏ ਸਨ।"


ਪਾਕਿਸਤਾਨ ਦਾ ਸ਼ਾਂਤੀ 'ਗਿਆਨ'


ਈਰਾਨ ਦੇ ਪੁਲਿਸ ਸਟੇਸ਼ਨ 'ਤੇ ਹੋਏ ਹਮਲੇ 'ਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, "ਅੱਤਵਾਦ ਸਿਰਫ਼ ਇੱਕ ਦੇਸ਼ ਜਾਂ ਖੇਤਰ ਨੂੰ ਪ੍ਰਭਾਵਿਤ ਨਹੀਂ ਕਰਦਾ, ਸਗੋਂ ਇਹ ਦੁਨੀਆ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਪ੍ਰਭਾਵਿਤ ਕਰਦਾ ਹੈ।"


ਜ਼ਿਕਰ ਕਰ ਦਈਏ ਕਿ ਜੈਸ਼-ਉਲ-ਅਦਲ ਸੰਗਠਨ 2012 ਵਿੱਚ ਈਰਾਨ ਦੇ ਸਿਸਤਾਨ-ਬਲੂਚਿਸਤਾਨ ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਸੰਗਠਨ ਈਰਾਨੀ ਸੈਨਿਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਹਾਲ ਹੀ ਦੇ ਸਾਲਾਂ ਵਿਚ ਸੰਗਠਨ ਨੇ ਈਰਾਨੀ ਸੈਨਿਕਾਂ 'ਤੇ ਹਮਲੇ ਤੇਜ਼ ਕੀਤੇ ਹਨ। ਸੰਗਠਨ ਦਾ ਦਾਅਵਾ ਹੈ ਕਿ ਉਹ ਈਰਾਨੀ ਸੈਨਿਕਾਂ ਨਾਲ ਲੜ ਰਿਹਾ ਹੈ ਤਾਂ ਜੋ ਉਹ ਸੁੰਨੀ ਅਤੇ ਬਲੋਚ ਲੋਕਾਂ ਦੇ ਅਧਿਕਾਰ ਵਾਪਸ ਲੈ ਸਕੇ। ਇਸ ਸੰਗਠਨ 'ਤੇ ਸੀਸਤਾਨ-ਬਲੋਚਿਸਤਾਨ ਖੇਤਰ 'ਚ ਹਥਿਆਰਾਂ, ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰ ਤੋਂ ਤਸਕਰੀ ਅਤੇ ਅੱਤਵਾਦ ਫੈਲਾਉਣ ਦਾ ਦੋਸ਼ ਹੈ। ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅੱਤਵਾਦੀ ਸੰਗਠਨ ਜੈਸ਼-ਉਲ-ਅਦਲ ਦੇ ਜੈਸ਼-ਏ-ਮੁਹੰਮਦ ਨਾਲ ਸਬੰਧ ਹਨ।