Bangladesh Army Hijab: ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਪੂਰੇ ਦੇਸ਼ ਵਿੱਚ ਇਸਲਾਮੀਕਰਨ ਤੇਜ਼ ਹੋ ਗਿਆ ਹੈ। ਸਰਕਾਰ ਦੀ ਗੱਲ ਤਾਂ ਛੱਡੋ, ਹੁਣ ਤਾਂ ਬੰਗਲਾਦੇਸ਼ ਦੀ ਫ਼ੌਜ ਵੀ ਕੱਟੜਪੰਥੀਆਂ ਅੱਗੇ ਆਤਮ ਸਮਰਪਣ ਕਰਦੀ ਨਜ਼ਰ ਆ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਬੰਗਲਾਦੇਸ਼ ਫ਼ੌਜ ਨੇ ਮਹਿਲਾ ਸੈਨਿਕਾਂ ਨੂੰ ਹਿਜਾਬ ਪਹਿਨਣ ਦੀ ਇਜਾਜ਼ਤ ਦਿੱਤੀ ਹੈ। ਸਾਲ 2000 ਵਿੱਚ ਬੰਗਲਾਦੇਸ਼ ਫੌਜ ਵਿੱਚ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ, ਉਦੋਂ ਤੋਂ ਹੀ ਫੌਜ ਵਿੱਚ ਹਿਜਾਬ ਪਹਿਨਣ ਦੀ ਮਨਾਹੀ ਹੈ। ਕੱਟੜਪੰਥੀਆਂ ਦੇ ਦਬਾਅ ਹੇਠ ਬੰਗਲਾਦੇਸ਼ ਫ਼ੌਜ ਨੇ ਹੁਣ ਆਪਣੇ ਨਿਯਮ ਬਦਲ ਲਏ ਹਨ।
ਬੰਗਲਾਦੇਸ਼ੀ ਮੀਡੀਆ ਦੀ ਰਿਪੋਰਟ ਮੁਤਾਬਕ, ਜੇ ਮਹਿਲਾ ਸੈਨਿਕ ਹਿਜਾਬ ਪਾਉਣਾ ਚਾਹੁੰਦੀਆਂ ਹਨ ਤਾਂ ਉਹ ਹੁਣ ਇਸਨੂੰ ਪਾ ਸਕਦੀਆਂ ਹਨ। ਐਡਜੂਟੈਂਟ ਜਨਰਲ ਦੇ ਦਫ਼ਤਰ ਤੋਂ ਇਸ ਸਬੰਧੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਮਹਿਲਾ ਫੌਜੀ ਕਰਮਚਾਰੀਆਂ ਲਈ ਹਿਜਾਬ ਪਹਿਨਣਾ ਵਿਕਲਪਿਕ ਕਰ ਦਿੱਤਾ ਗਿਆ ਹੈ।
BDNews24 ਨੇ ਦੱਸਿਆ ਕਿ ਹੁਣ ਬੰਗਲਾਦੇਸ਼ ਵਿੱਚ ਮਹਿਲਾ ਅਫਸਰਾਂ, ਨਰਸਿੰਗ ਸਟਾਫ ਤੇ ਹੋਰ ਫ਼ੌਜੀ ਕਰਮਚਾਰੀਆਂ ਦੇ ਹਿਜਾਬ ਪਹਿਨਣ ਤੋਂ ਪਾਬੰਦੀ ਹਟਾ ਦਿੱਤੀ ਗਈ ਹੈ। ਐਡਜੂਟੈਂਟ ਜਨਰਲ ਦੇ ਦਫ਼ਤਰ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ '3 ਸਤੰਬਰ ਨੂੰ ਪੀਐਸਓ ਕਾਨਫਰੰਸ ਵਿੱਚ ਇੱਕ ਸਿਧਾਂਤਕ ਫੈਸਲਾ ਲਿਆ ਗਿਆ ਸੀ, ਜਿਸ ਵਿੱਚ ਇੱਛੁਕ ਮਹਿਲਾ ਕਰਮਚਾਰੀਆਂ ਨੂੰ ਵਰਦੀ ਦੇ ਨਾਲ ਹਿਜਾਬ ਪਹਿਨਣ ਦੀ ਇਜਾਜ਼ਤ ਦਿੱਤੀ ਗਈ ਸੀ।'
ਦਰਅਸਲ, ਸਾਲ 2000 ਵਿੱਚ ਬੰਗਲਾਦੇਸ਼ ਫ਼ੌਜ ਵਿੱਚ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਤੱਕ ਔਰਤਾਂ ਨੂੰ ਵਰਦੀ ਦੇ ਨਾਲ ਹਿਜਾਬ ਪਹਿਨਣ ਦੀ ਇਜਾਜ਼ਤ ਨਹੀਂ ਸੀ। ਐਡਜੂਟੈਂਟ ਦਫਤਰ ਨੇ ਹੁਣ ਨਿਰਦੇਸ਼ ਦਿੱਤੇ ਹਨ ਕਿ ਵੱਖ-ਵੱਖ ਵਰਦੀਆਂ ਦੇ ਨਾਲ-ਨਾਲ ਹਿਜਾਬ ਦੇ ਨਮੂਨੇ ਵੀ ਦਿੱਤੇ ਜਾਣ। ਫੈਬਰਿਕ, ਰੰਗ ਅਤੇ ਆਕਾਰ ਨੂੰ ਵੀ ਹਿਜਾਬ ਦੇ ਨਮੂਨੇ ਵਿੱਚ ਸ਼ਾਮਲ ਕੀਤਾ ਗਿਆ ਹੈ। ਪ੍ਰਸਤਾਵਿਤ ਹਿਜਾਬ ਪਹਿਨਣ ਵਾਲੀਆਂ ਮਹਿਲਾ ਫੌਜੀ ਜਵਾਨਾਂ ਦੀਆਂ ਰੰਗੀਨ ਤਸਵੀਰਾਂ 26 ਸਤੰਬਰ ਤੱਕ ਸਬੰਧਤ ਵਿਭਾਗ ਨੂੰ ਭੇਜਣ ਲਈ ਕਿਹਾ ਗਿਆ ਹੈ।
ਬੰਗਲਾਦੇਸ਼ ਫੌਜ ਵਿੱਚ ਔਰਤਾਂ ਦੀ ਭਰਤੀ ਕਿਵੇਂ ਸ਼ੁਰੂ ਹੋਈ
1997 ਦੀ ਸ਼ੁਰੂਆਤ ਵਿੱਚ ਔਰਤਾਂ ਨੂੰ ਪੁਰਸ਼ਾਂ ਵਾਂਗ ਬੰਗਲਾਦੇਸ਼ ਫ਼ੌਜ ਵਿੱਚ ਅਫਸਰ ਬਣਨ ਦੀ ਇਜਾਜ਼ਤ ਦਿੱਤੀ ਗਈ ਸੀ। ਪਹਿਲੀ ਵਾਰ ਸਾਲ 2000 ਵਿੱਚ ਬੰਗਲਾਦੇਸ਼ ਦੀਆਂ ਔਰਤਾਂ ਫੌਜ ਵਿੱਚ ਅਫਸਰ ਬਣੀਆਂ ਤੇ ਸਾਲ 2013 ਵਿੱਚ ਔਰਤਾਂ ਸਿਪਾਹੀ ਵਜੋਂ ਸ਼ਾਮਲ ਹੋਈਆਂ। ਹੁਣ ਵੀ ਬੰਗਲਾਦੇਸ਼ ਵਿੱਚ, ਔਰਤਾਂ ਪੈਦਲ ਅਤੇ ਆਰਮਰ ਕੋਰ ਵਿੱਚ ਅਫਸਰ ਨਹੀਂ ਬਣ ਸਕਦੀਆਂ।