Israeli Military Orders Evacuation in Lebanon: ਇਜ਼ਰਾਇਲੀ ਫ਼ੌਜ ਨੇ ਦੱਖਣੀ ਲੇਬਨਾਨ ਵਿੱਚ 22 ਹੋਰ ਪਿੰਡਾਂ ਦੇ ਵਸਨੀਕਾਂ ਨੂੰ ਅਵਾਲੀ ਨਦੀ ਦੇ ਉੱਤਰ ਵਾਲੇ ਖੇਤਰਾਂ ਵਿੱਚ ਜਾਣ ਦਾ ਆਦੇਸ਼ ਦਿੱਤਾ ਹੈ। ਫ਼ੌਜ ਦੇ ਇੱਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਜ਼ਰਾਇਲੀ ਫ਼ੌਜ ਨੇ ਦੱਖਣੀ ਲੇਬਨਾਨ ਦੇ ਵਸਨੀਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਘਰਾਂ ਨੂੰ ਨਾ ਪਰਤਣ, ਕਿਉਂਕਿ ਫ਼ੌਜ ਹਿਜ਼ਬੁੱਲਾ ਦੇ ਖ਼ਿਲਾਫ਼ ਆਪਣੀ ਕਾਰਵਾਈ ਜਾਰੀ ਰੱਖ ਰਹੀ ਹੈ।


ਫ਼ੌਜ ਦੇ ਬੁਲਾਰੇ ਨੇ ਕਿਹਾ, "ਤੁਹਾਡੇ ਪਿੰਡਾਂ ਵਿੱਚ ਜਾਂ ਇਸ ਦੇ ਨੇੜੇ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਆਪਣੀ ਸੁਰੱਖਿਆ ਲਈ, ਕਿਰਪਾ ਕਰਕੇ ਆਪਣੇ ਘਰਾਂ ਨੂੰ ਨਾ ਪਰਤੋ। ਅਗਲੇ ਨੋਟਿਸ ਤੱਕ ਦੱਖਣ ਵੱਲ ਨਾ ਜਾਓ; ਜੋ ਵੀ ਦੱਖਣ ਜਾਂਦਾ ਹੈ, ਉਸਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।"


'ਮੈਡੀਕਲ ਟੀਮਾਂ ਨੂੰ ਐਂਬੂਲੈਂਸਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ'


ਇੱਕ ਵੱਖਰੀ ਪੋਸਟ ਵਿੱਚ, ਦੱਖਣੀ ਲੇਬਨਾਨ ਵਿੱਚ ਸਿਹਤ ਕਰਮਚਾਰੀਆਂ ਅਤੇ ਮੈਡੀਕਲ ਟੀਮਾਂ ਨੂੰ ਐਂਬੂਲੈਂਸਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਇਸ ਖੇਤਰ ਵਿੱਚ ਹਿਜ਼ਬੁੱਲਾ ਲੜਾਕਿਆਂ ਵੱਲੋਂ ਐਂਬੂਲੈਂਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਸੀਂ ਮੈਡੀਕਲ ਟੀਮਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਹਿਜ਼ਬੁੱਲਾ ਦੇ ਮੈਂਬਰਾਂ ਦੇ ਸੰਪਰਕ ਵਿੱਚ ਨਾ ਆਉਣ ਅਤੇ ਉਨ੍ਹਾਂ ਨਾਲ ਸਹਿਯੋਗ ਨਾ ਕਰਨ।






ਇਜ਼ਰਾਈਲੀ ਫੌਜ ਦੇ ਬੁਲਾਰੇ ਨੇ ਕਿਹਾ, "ਆਈਡੀਐਫ (ਇਜ਼ਰਾਈਲੀ ਰੱਖਿਆ ਬਲ) ਨੇ ਸਪੱਸ਼ਟ ਕੀਤਾ ਹੈ ਕਿ ਹਥਿਆਰਬੰਦ ਵਿਅਕਤੀਆਂ ਨੂੰ ਲਿਜਾਣ ਵਾਲੇ ਕਿਸੇ ਵੀ ਵਾਹਨ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ, ਚਾਹੇ ਉਹ ਕਿਸੇ ਵੀ ਕਿਸਮ ਦਾ ਹੋਵੇ।"


ਇਜ਼ਰਾਇਲ ਲੇਬਨਾਨ 'ਚ ਜ਼ਮੀਨੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ, ਇਸੇ ਦੌਰਾਨ ਗਾਜ਼ਾ 'ਚ ਇਜ਼ਰਾਇਲੀ ਫ਼ੌਜ ਦੇ ਹਮਲੇ ਕਾਰਨ ਘੱਟੋ-ਘੱਟ 20 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹਮਾਸ ਦੁਆਰਾ ਸੰਚਾਲਿਤ ਸਿਵਲ ਡਿਫੈਂਸ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਹਵਾਈ ਹਮਲਾ ਸਥਾਨਕ ਸਮੇਂ ਅਨੁਸਾਰ ਰਾਤ 9:40 ਵਜੇ ਕੀਤਾ ਗਿਆ। ਉਸ ਸਮੇਂ ਮਰਨ ਵਾਲਿਆਂ ਦੀ ਗਿਣਤੀ 12 ਸੀ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਸਨ।


ਉੱਤਰੀ ਗਾਜ਼ਾ ਵਿੱਚ ਸਿਵਲ ਡਿਫੈਂਸ ਏਜੰਸੀ ਦੇ ਡਾਇਰੈਕਟਰ ਅਹਿਮਦ ਅਲ-ਖਲੋਤ ਨੇ ਕਿਹਾ ਕਿ ਵੱਖ-ਵੱਖ ਹਮਲਿਆਂ ਵਿੱਚ 18 ਲੋਕ ਮਾਰੇ ਗਏ ਹਨ। ਇਹ ਹਮਲੇ ਅੱਠ ਵੱਖ-ਵੱਖ ਸਕੂਲਾਂ 'ਤੇ ਕੀਤੇ ਗਏ ਸਨ ਜਿੱਥੇ ਸ਼ਰਨਾਰਥੀਆਂ ਲਈ ਕੈਂਪ ਬਣਾਏ ਗਏ ਸਨ।