2,000 ਕਾਰਾਂ ਨਾਲ ਲੱਦਿਆ ਬ੍ਰਾਜ਼ਿਲ ਆਧਾਰਤ ਇਟਾਲੀਅਨ ਕੰਟੇਨਰ ਸ਼ਿਪ ਅਟਲਾਂਟਿਕ ਸਾਗਰ ਵਿੱਚ ਸਮਾ ਗਿਆ ਹੈ। ਇਸ ਬੇੜੇ ਵਿੱਚ ਲਗ਼ਜ਼ਰੀ 37 ਪੋਰਸ਼ ਕਾਰਾਂ ਵੀ ਲੱਦੀਆਂ ਹੋਈਆਂ ਸਨ, ਪਰ ਫਰਾਂਸ ਦੀ ਬੰਦਰਗਾਹ 'ਤੇ ਪਹੁੰਚਣ ਤੋਂ ਪਹਿਲਾਂ ਹੀ ਇਸ ਵਿੱਚ ਅੱਗ ਲੱਗ ਗਈ ਅਤੇ ਇਹ ਡੁੱਬ ਗਿਆ।
ਬੇੜੇ ਵਿੱਚ ਪੋਰਸ਼ 911 ਜੀਟੀ2 ਆਰਐਸ, 718 ਕੇਅਮੈਨ, ਬੌਕਸਟਰ ਤੇ ਕਾਇਨ ਹੀ ਨਹੀਂ, ਬਲਕਿ ਔਡੀ ਏ3, ਏ5, ਆਰਐਸ4, ਆਰਐਸ5 ਅਤੇ ਕਿਊ7 ਮਾਡਲ ਦੀਆਂ ਕਾਰਾਂ ਵੀ ਸਨ। ਇਨ੍ਹਾਂ ਸਾਰੀਆਂ ਕਾਰਾਂ ਦੀ ਕੀਮਤ ਕਰੋੜਾਂ ਵਿੱਚ ਹੈ, ਜੋ ਹੁਣ ਸਮੁੰਦਰ ਦੇ ਗਰਭ ਵਿੱਚ 15,000 ਫੁੱਟ ਡੂੰਘੇ ਪਾਣੀ ਵਿੱਚ ਸਮਾ ਗਈਆਂ ਹਨ।
ਇਹ ਘਟਨਾ ਪਿਛਲੇ ਮੰਗਲਵਾਰ ਵਾਪਰੀ। ਉਦੋਂ ਜਹਾਜ਼ ਨਾਲ 27 ਮੈਂਬਰੀ ਚਾਲਕ ਦਲ ਤੇ ਅਮਲੇ ਨੂੰ ਬ੍ਰਿਟਿਸ਼ ਮਿਲਟਰੀ ਨੇ ਬਚਾਅ ਲਿਆ ਸੀ, ਪਰ ਇਸ ਵਿੱਚ ਲੱਦੇ ਮਾਲ ਨੂੰ ਨਹੀਂ ਬਚਾਇਆ ਜਾ ਸਕਿਆ। ਮਾਲ ਦੇ ਵੇਰਵੇ ਅੱਜ ਜੱਗ ਜ਼ਾਹਰ ਹੋਏ ਹਨ।