ਪੇਸ਼ਾਵਰ: ਭਾਰਤ-ਪਾਕਿਸਤਾਨ ਵਿਚਾਲੇ ਤਲਖ਼ੀ ਦੇ ਚੱਲਦਿਆਂ ਪਾਕਿਸਤਾਨ ਦੇ ਖੈਬਰ ਪਖ਼ਤੂਨਵਾ ਪ੍ਰਾਂਤ ਵਿੱਚ ਇੱਕ ਮੰਦਰ ਜਾਂ ਸਮੁਦਾਇਕ ਭਵਨ ਦਾ ਨਿਰਮਾਣ ਕੀਤਾ ਜਾਏਗਾ। ਇਹ ਐਲਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ ਖੈਬਰ ਪਖਤੂਨਖਵਾ ਅਸੈਂਬਲੀ ਦੇ ਮੈਂਬਰ ਰਵੀ ਕੁਮਾਰ ਨੇ ਕੀਤਾ। ਇਸ ਮੌਕੇ ਉਹ ਸਥਾਨਕ ਹਿੰਦੂ ਭਾਈਚਾਰੇ ਵੱਲੋਂ ਕਰਾਏ ਹੋਲੀ ਦੇ ਪ੍ਰੋਗਰਾਮ ਵਿੱਚ ਬੋਲ ਰਹੇ ਸਨ।


ਸੂਬਾ ਸਰਕਾਰ ਨੇ ਮੰਦਰ ਜਾਂ ਸਮੁਦਾਇਕ ਭਵਨ ਨਿਰਮਾਣ ਲਈ ਹਿੰਦੂ ਤਬਕੇ ਦੇ ਮੈਂਬਰਾਂ ਨੂੰ ਥਾਂ ਬਾਰੇ ਫੈਸਲਾ ਕਰਨ ਲਈ ਕਿਹਾ ਹੈ। ਹੋਲੀ ਮੌਕੇ ਹਿੰਦੂ ਤਬਕੇ ਨੂੰ ਵਧਾਈ ਦਿੰਦਿਆਂ ਰਵੀ ਕੁਮਾਰ ਨੇ ਦੱਸਿਆ ਕਿ 30 ਮਾਰਚ ਨੂੰ ਸਰਕਾਰੀ ਪੱਧਰ ’ਤੇ ਵੀ ਅਧਿਕਾਰਿਤ ਹੋਲੀ ਦਾ ਪ੍ਰੋਗਰਾਮ ਕਰਾਇਆ ਜਾਏਗਾ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਸਥਿਤ ਸਿੱਖਾਂ ਦੇ ਮੁੱਖ ਧਾਰਮਕ ਸਥਾਨ ਤਕ ਜਾਣ ਲਈ ਕਰਤਾਰਪੁਰ ਗਲਿਆਰੇ ਦਾ ਵੀ ਰਾਹ ਤਿਆਰ ਕੀਤਾ ਜਾ ਰਿਹਾ ਹੈ। ਇਸ ਲਾਂਘੇ ਦੇ ਬਣਨ ਨਾਲ ਸਿੱਖਾਂ ਦਾ 70 ਸਾਲ ਲੰਮਾ ਇੰਤਜ਼ਾਰ ਖ਼ਤਮ ਹੋਏਗਾ। ਸਿੱਖ ਸ਼ਰਧਾਲੂਆਂ ਨੂੰ ਬਗੈਰ ਵੀਜ਼ਾ ਪਾਕਿਸਤਾਨ ਵਿੱਚ ਐਂਟਰੀ ਮਿਲੇਗੀ, ਸਿਰਫ ਟਿਕਟ ਹੀ ਲੈਣੀ ਪਏਗੀ। ਹੁਣ ਸਿੱਖ ਸ਼ਰਧਾਲੂ ਆਸਾਨੀ ਨਾਲ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।