ਰੋਮ: ਇਟਲੀ ਦੇ ਸ਼ਹਿਰ ਮਾਤੇਰਾ ਨੂੰ ਕਈ ਸਾਲਾਂ ਤਕ ਗਰੀਬੀ ਤ ਪੱਛੜੇਪਨ ਕਰਕੇ ਕੌਮੀ ਅਪਮਾਨ ਦੀ ਚੀਜ਼ ਮੰਨਿਆ ਜਾਂਦਾ ਸੀ। ਪਰ ਹੁਣ ਉਹ ਦੌਰ ਬਦਲ ਗਿਆ ਹੈ। ਗੁਫ਼ਾਵਾਂ ਵਿੱਚ ਬਣੇ ਚਰਚ, ਮਹਿਲਾਂ ਤੇ ਵਿਕਾਸ ਕਾਰਜਾਂ ਦੇ ਕਰਕੇ ਮਾਤੇਰਾ ਨੂੰ 2019 ਲਈ ਯੂਰੋਪ ਦੀ ਸੰਸਕ੍ਰਿਤਿਕ ਰਾਜਧਾਨੀ ਐਲਾਨ ਦਿੱਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇੱਥੇ ਆਉਣ ਵਾਲੇ ਸੈਲਾਨੀ ਮਹਿਜ਼ 22 ਡਾਲਰ (ਕਰੀਬ 1538 ਰੁਪਏ) ਵਿੱਚ ਉੱਥੋਂ ਦੇ ਆਰਜੀ ਵਸਨੀਕ ਬਣ ਸਕਦੇ ਹਨ ਤੇ ਦੱਖਣੀ ਰੋਮ ਦੇ 400 ਕਿਲੋਮੀਟਰ ਇਲਾਕੇ ਨੂੰ ਪੂਰੇ ਸਾਲ ਤਕ ਘੁੰਮ ਸਕਦੇ ਹਨ।
ਮਾਤੇਰਾ ਦੇ ਮੇਅਰ ਰਾਫੇਲੋ ਦ ਰੂਗਿਅਰੀ ਨੇ ਕਿਹਾ ਕਿ ਇਹ ਸੱਚ ਹੈ ਕਿ ਮਾਤੇਰਾ ਦੇ ਨਾਂ ’ਤੇ ਉਨ੍ਹਾਂ ਨੂੰ ਕਾਫ਼ੀ ਸ਼ਰਮ ਆਉਂਦੀ ਸੀ। ਪਰ ਇਹ ਗੱਲਾਂ ਪੁਰਾਣੀਆਂ ਹੋ ਚੁੱਕੀਆਂ ਹਨ। 1950 ਦੇ ਦਹਾਕੇ ਵਿੱਚ ਇਟਲੀ ਦੇ ਪੀਐਮ ਨੇ ਮਾਤੇਰਾ ਦੇ ਵਿਕਾਸ ਨਾ ਹੋਣ ’ਤੇ ਕਾਫ਼ੀ ਨਾਰਾਜ਼ਗੀ ਜਤਾਈ ਸੀ। ਉਸ ਵੇਲੇ ਉੱਥੋਂ ਦੇ ਲੋਕ ਬਗੈਰ ਬਿਜਲੀ ਪ੍ਰਾਚੀਨ ਕਾਲ ਵਰਗੀਆਂ ਗੁਫ਼ਾਵਾਂ ਵਿੱਚ ਰਿਹਾ ਕਰਦੇ ਸੀ। ਉਨ੍ਹਾਂ ਕੋਲ ਪੀਣ ਵਾਲਾ ਪਾਣੀ ਵੀ ਮੁਹੱਈਆ ਨਹੀਂ ਸੀ।
ਮਾਤੇਰਾ ਬੈਸਿਲਿਕਾਤਾ ਖੇਤਰ ਵਿੱਚ ਪੈਂਦਾ ਹੈ। ਸਾਲਭਰ ਤਕ ਮਾਤੇਰਾ ਵਿੱਚ ਕਈ ਸੰਸਕ੍ਰਿਤਿਕ ਪ੍ਰੋਗਰਾਮ ਹੋਣਗੇ ਜਿਨ੍ਹਾਂ ਵਿੱਚ ਹਜ਼ਾਰਾਂ ਸੈਲਾਨੀਆਂ ਦੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਆਉਣ ਵਾਲੇ ਇੱਕ ਸਾਲ ਵਿੱਚ ਇੱਥੇ ਸੰਗੀਤ, ਰੀਡਿੰਗ, ਫੂਡ, ਪ੍ਰਦਰਸ਼ਨੀ ਤੋ ਹੋਰ 300 ਪ੍ਰੋਗਰਾਮ ਹੋਣਗੇ।
ਰੂਗਿਅਰੀ ਮੁਤਾਬਕ ਮਾਤੇਰਾ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਇਸ ਨੂੰ ‘ਯੇਰੂਸ਼ਲਮ ਆਫ ਦ ਵੈਸਟ’ ਵੀ ਕਿਹਾ ਜਾਂਦਾ ਹੈ। ਪੁਰਾਤੱਤਵ ਅਵਸ਼ੇਸ਼ ਕਹਿੰਦੇ ਹਨ ਕਿ ਲਗਪਗ 8 ਹਜ਼ਾਰ ਸਾਲਾਂ ਤੋਂ ਇੱਥੇ ਲੋਕ ਰਹਿ ਰਹੇ ਹਨ। ਸ਼ਹਿਰ ਚੂਨਾ ਪੱਥਰ ਦੇ ਪਹਾੜ ’ਤੇ ਵੱਸਿਆ ਹੋਇਆ ਹੈ।
ਮਾਤੇਰਾ ਸਭ ਤੋਂ ਅਲੱਗ-ਥਲੱਗ ਹੋਇਆ ਸ਼ਹਿਰ ਹੈ। ਇੱਥੇ ਕੋਈ ਹਵਾਈ ਅੱਡਾ, ਹਾਈ ਸਪੀਡ ਸਟੇਸ਼ਨ ਜਾਂ ਮੋਟਰਵੇ ਨਹੀਂ ਹੈ। ਪਰ ਅਫ਼ਸਰ ਉਮੀਦ ਕਰ ਰਹੇ ਹਨ ਕਿ ਇੱਥੋਂ ਦਾ ਰਹੱਸਮਈ ਵਾਤਾਵਰਨ ਲੋਕਾਂ ਨੂੰ ਇੱਥੇ ਆਉਣ ’ਤੇ ਮਜਬੂਰ ਕਰੇਗਾ ਤਾਂ ਕਿ ਉਹ ਆਪਣੇ ਅੰਦਰ ਦੀ ਕਲਾ ਬਾਹਰ ਲਿਆ ਸਕਣ। ਇੱਥੇ ਈਸਾਈ ਧਰਮ ਦੀ ਸ਼ੁਰੂਆਤ ਦੇ ਕਈ ਘਰ ਬਣੇ ਹੋਏ ਹਨ। ਕਈ ਫਿਲਮਾਂ ਦਾ ਸ਼ੂਟਿੰਗ ਹੋ ਚੁੱਕੀ ਹੈ।